ਨਵੀਂ ਦਿੱਲੀ: ਇਜ਼ਰਾਈਲ ਦੂਤਾਵਾਸ 'ਤੇ ਹੋਏ ਧਮਾਕੇ ਦੀ ਸਾਜਿਸ਼ ਰਚਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤੇ ਗਏ 4 ਵਿਦਿਆਰਥੀਆਂ ਦਾ ਮਨੋਵਿਗਿਆਨਕ ਟੈਸਟ ਏਮਜ਼ ਵਿਖੇ ਕਰਵਾਇਆ ਗਿਆ। ਡਾਕਟਰਾਂ ਨੇ ਖੁਲਾਸਾ ਕੀਤਾ ਹੈ ਕਿ ਦੋ ਮੁਲਜ਼ਮ ਪੂਰੀ ਸੱਚਾਈ ਨਹੀਂ ਦੱਸ ਰਹੇ ਹਨ। ਸਪੈਸ਼ਲ ਸੈੱਲ ਇਸ ਰਿਪੋਰਟ ਦੇ ਜ਼ਰੀਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅੱਧਾ ਸੱਚ ਕੀ ਹੈ ਜੋ ਮੁਲਜ਼ਮ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਜਨਵਰੀ ਮਹੀਨੇ 'ਚ ਏਪੀਜੇ ਅਬਦੁੱਲ ਕਲਾਮ ਰੋਡ 'ਤੇ ਸਥਿਤ ਇਜ਼ਰਾਈਲ ਦੂਤਾਵਾਸ ਤੋਂ ਕੁਝ ਦੂਰੀ 'ਤੇ ਧਮਾਕਾ ਹੋਇਆ ਸੀ। ਇਸ ਮਾਮਲੇ ਵਿੱਚ ਕੇਸ ਐਨਆਈਏ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਪਰ ਸਾਜਿਸ਼ ਨੂੰ ਲੈਕੇ ਸਪੈਸ਼ਲ ਸੈੱਲ ਦੀ ਟੀਮ ਜਾਂਚ ਕਰ ਰਹੀ ਸੀ।
ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ 24 ਜੂਨ ਨੂੰ ਚਾਰ ਮੁਲਜ਼ਮਾਂ ਨਸੀਰ ਹੁਸੈਨ, ਜੁਲਿਫਕਾਰ ਅਲੀ ਵਜ਼ੀਰ, ਮੁਜ਼ਮਮਿਲ ਹੁਸੈਨ ਅਤੇ ਆਈਜ਼ ਹੁਸੈਨ ਨੂੰ ਲੱਦਾਖ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਨ੍ਹਾਂ ਨੂੰ ਮਨੋਵਿਗਿਆਨਕ ਜਾਂਚ ਲਈ ਏਮਜ਼ ਲੈ ਗਈ, ਜਿੱਥੇ ਮਾਹਰ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਇਸ 'ਚ ਡਾਕਟਰਾਂ ਨੇ ਦੱਸਿਆ ਹੈ ਕਿ ਧਮਾਕੇ ਨਾਲ ਜੁੜੇ ਪ੍ਰਸ਼ਨਾਂ ਦੇ ਜਵਾਬ 'ਚ ਦੋ ਮੁਲਜ਼ਮ ਸਾਰੀ ਸੱਚਾਈ ਨਹੀਂ ਦੱਸ ਰਹੇ ਹਨ। ਉਹ ਕੁਝ ਲੁਕਾ ਰਹੇ ਹਨ।