ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕ ਪੁਲਿਸ ਦੇ ਬੈਰੀਕੈਡ ਤੋੜ ਕੇ ਅੱਜ ਲਾਲ ਕਿਲ੍ਹੇ ਵਿੱਚ ਦਾਖ਼ਲ ਹੋ ਗਏ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਕੇਸਰੀ ਝੰਡੇ ਲਹਿਰਾ ਦਿੱਤੇ ਹਨ। ਇਸ ਦੌਰਾਨ ਲੋਕਾਂ ਅਤੇ ਦਿੱਲੀ ਪੁਲਿਸ ਵਿਚਕਾਰ ਝੜਪਾਂ ਹੋਈਆਂ। ਦਿੱਲੀ ਪੁਲਿਸ ਲੋਕਾਂ ਨੂੰ ਰੋਕਣ ਲਈ ਜਿੱਥੇ ਪਾਣੀ ਦੀਆਂ ਬੁਛਾੜਾਂ ਕੀਤੀ, ਉੱਥੇ ਹੀ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਪਰ ਲੋਕਾਂ ਨੇ ਦਿੱਲੀ ਕਿਲ੍ਹੇ ਵਿੱਚ ਪਹੁੰਚ ਕੇ ਵੱਖ-ਵੱਖ ਥਾਵਾਂ ‘ਤੇ ਕੇਸਰੀ ਝੰਡੇ ਲਹਿਰਾ ਦਿੱਤੇ। ਇਥੇ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਆਈਟੀਓ ਵਿੱਚ ਪੁਲਿਸ ਨਾਲ ਝੜਪ ਹੋਈ। ਇਸਤੋਂ ਪਹਿਲਾਂ ਮਕਰਬਾ ਚੌਕ ਤੱਕ ਪੁੱਜੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਬਰਸਾਏ। ਇਸ ਕਾਰਨ ਉਥੇ ਹਾਲਾਤ ਤਣਾਅਪੂਰਨ ਹੋ ਗਏ ਹੈ।
ਪ੍ਰਾਪਤ ਸੂਚਨਾ ਮੁਤਾਬਕ ਇਸ ਹਿੰਸਾ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਤੇ ਪੁਲਿਸ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਦੌਰਾਨ ਬਸਾਂ ਅਤੇ ਕਾਰਾਂ ਦੀ ਭੰਨ ਤੋੜ ਕੀਤੀ ਗਈ। ਕਿਸਾਨ, ਪੁਲਿਸ ਰੋਕਾਂ ਤੋੜ ਕੇ ਪੈਦਲ ਹੀ ਅੱਗੇ ਵਧ ਗਏ। ਇਸ ਦੌਰਾਨ ਗਾਜ਼ੀਪੁਰ ਬਾਰਡਰ ਦੀ ਪਰੇਡ ਅਕਸ਼ਰਧਾਮ ਪੁੱਜੀ ਤੇ ਪੁਲਿਸ ਨੇ ਉਸ ’ਤੇ ਅੱਥਰੂ ਗੈਸ ਦੇ ਗੋਲੇ ਬਰਸਾਏ। ਉਧਰ ਟਿਕਰੀ ਬਾਰਡਰ ਤੋਂ ਸ਼ੁਰੂ ਹੋਈ ਪਰੇਡ ਨੂੰ ਨਾਂਗਲੋਈ ਵਿੱਚ ਰੋਕ ਲਿਆ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਪਹਿਲਾਂ ਤੋਂ ਨਿਰਧਾਰਤ ਰਸਤੇ ’ਤੇ ਚੱਲ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਵਿਚੋਂ ਕੋਈ ਵੀ ਬਾਹਰੀ ਰਿੰਗ ਰੋਡ ‘ਤੇ ਨਹੀਂ ਗਿਆ। ਰਾਜੇਵਾਲ ਨੇ ਕਿਹਾ, “ਅਸੀਂ ਕਿਸਾਨਾਂ ਖ਼ਿਲਾਫ਼ ਹਿੰਸਾ ਦੀ ਨਿੰਦਾ ਕਰਦੇ ਹਾਂ, ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।”