ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੇ ਲੋਕ ਕੋਰੋਨਾ ਮਹਾਂਮਾਰੀ ਵਿੱਚ ਬਿਨ੍ਹਾਂ ਕਿਸੇ ਇਲਾਜ ਦੇ ਮਰ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਖਬਰਾਂ ਆ ਰਹੀਆਂ ਹਨ ਕਿ ਬੈੱਡ, ਆਕਸੀਜਨ, ਰੈਮੇਡੀਸਿਵਰ, ਵੈਂਟੀਲੇਟਰਾਂ ਦੀ ਘਾਟ ਹੈ। ਸਾਡੇ ਕੋਲ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਵਿਚਕਾਰ ਤਿਆਰੀ ਕਰਨ ਲਈ ਕਈ ਮਹੀਨੇ ਸੀ। ਭਾਰਤ ਦੀ ਆਕਸੀਜਨ ਉਤਪਾਦਨ ਸਮਰੱਥਾ ਵਿਸ਼ਵ 'ਚ ਸਭ ਤੋਂ ਵੱਡੀ ਹੈ, ਆਕਸੀਜਨ ਦੀ ਢੋਆ ਢੁਆਈ ਕਰਨ ਦੀ ਕੋਈ ਸਹੂਲਤ ਨਹੀਂ ਬਣਾਈ ਗਈ।
ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਾਂਗਰਸ ਦੇ ਜਨਰਲ ਸੱਕਤਰ ਨੇ ਕਿਹਾ ਕਿ ਇਹ ਕਿੰਨੀ ਵੱਡੀ ਦੁਖਦਾਈ ਗੱਲ ਹੈ ਕਿ ਦੇਸ਼ 'ਚ ਆਕਸੀਜਨ ਉਪਲਬਧ ਹੈ, ਪਰ ਇਹ ਜਿਥੇ ਪਹੁੰਚਣਾ ਚਾਹੀਦਾ ਹੈ, ਉਥੇ ਪਹੁੰਚਣ ਦੇ ਯੋਗ ਨਹੀਂ ਹੈ। ਪਿਛਲੇ 6 ਮਹੀਨਿਆਂ 'ਚ, 1.1 ਮਿਲੀਅਨ ਰੈਮੇਡੀਸਿਵਰ ਟੀਕੇ ਨਿਰਯਾਤ ਕੀਤੇ ਗਏ ਹਨ ਅਤੇ ਅੱਜ ਸਾਡੇ ਕੋਲ ਟੀਕਿਆਂ ਦੀ ਘਾਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਨਵਰੀ ਤੋਂ ਮਾਰਚ ਮਹੀਨੇ 'ਚ ਕੋਰੋਨਾ ਵਾਇਰਸ ਦੇ 6 ਕਰੋੜ ਟੀਕੇ ਤਿਆਰ ਕੀਤੇ ਅਤੇ ਇਸ ਸਮੇਂ 'ਚ 3-4 ਕਰੋੜ ਭਾਰਤੀਆਂ ਨੂੰ ਟੀਕਾਕਰਣ ਕੀਤਾ। ਤੁਸੀਂ ਭਾਰਤੀਆਂ ਨੂੰ ਤਰਜੀਹ ਕਿਉਂ ਨਹੀਂ ਦਿੱਤੀ?
ਸਰਕਾਰ ਦਾ ਘਿਰਾਓ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਅਜਿਹੀਆਂ ਖਬਰਾਂ ਹਰ ਪਾਸੇ ਤੋਂ ਆ ਰਹੀਆਂ ਹਨ ਕਿ ਸਮਝ ਨਹੀਂ ਆ ਰਿਹਾ ਕਿ ਇਹ ਸਰਕਾਰ ਕੀ ਕਰ ਰਹੀ ਹੈ। ਸ਼ਮਸ਼ਾਨ ਘਾਟਾਂ 'ਚ ਅਜਿਹੀ ਭੀੜ ਲੱਗੀ ਹੋਈ ਹੈ, ਲੋਕ ਕੂਪਨ ਲੈ ਕੇ ਖੜੇ ਹਨ। ਇਸ ਸਥਿਤੀ 'ਚ ਅਸੀਂ ਸੋਚ ਰਹੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਸਰਕਾਰ ਨਹੀਂ ਕਰ ਰਹੀ।