ਮੁੰਬਈ: ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਨੇ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੱਦਾ ਨਾ ਦੇਣ ਲਈ ਸ਼ੁੱਕਰਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪਾਰਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਨੂੰ ਆਪਣੀ ਜਾਇਦਾਦ ਮੰਨਦੇ ਹਨ, ਕਿਉਂਕਿ ਉਨ੍ਹਾਂ (ਮੋਦੀ) ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੰਪਲੈਕਸ ਦਾ ਨਿਰਮਾਣ ਕਰਵਾਇਆ ਹੈ।
ਸ਼ਿਵ ਸੈਨਾ (ਯੂਬੀਟੀ) ਨੇ ਆਪਣੇ ਮੁਖ ਪੱਤਰ 'ਸਾਮਨਾ' ਦੇ ਸੰਪਾਦਕੀ 'ਚ ਵੀ ਇਸ ਮੁੱਦੇ 'ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਅਤੇ ਇਹ ਜਾਣਨ ਦੀ ਮੰਗ ਕੀਤੀ ਕਿ ਕੀ ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ 28 ਮਈ ਦੇ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਹੈ ਜਾਂ ਨਹੀਂ। ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਅਤੇ ਸ਼ਿਵ ਸੈਨਾ (ਯੂਬੀਟੀ) ਸਮੇਤ ਲਗਭਗ 20 ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ। ਮੁਖ ਪੱਤਰ 'ਚ ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਕਿ ਰਾਸ਼ਟਰਪਤੀ ਦੇਸ਼ ਦੇ ਮੁਖੀ ਹੋਣ ਦੇ ਨਾਲ-ਨਾਲ ਭਾਰਤ ਦੇ ਪਹਿਲੇ ਨਾਗਰਿਕ ਵੀ ਹਨ, ਇਸ ਲਈ ਇਸ ਅਹੁਦੇ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਪਾਰਟੀ ਨੇ ਕਿਹਾ ਕਿ ਮੋਦੀ ਦੀ ਸੋਚ ਹੈ ਕਿ ਮੈਂ ਨਵਾਂ ਸੰਸਦ ਭਵਨ ਬਣਾਇਆ ਹੈ ਅਤੇ ਇਹ ਮੇਰੀ ਜਾਇਦਾਦ ਹੈ। ਇਸ ਲਈ ਤਖ਼ਤੀ 'ਤੇ ਸਿਰਫ਼ ਮੇਰਾ ਨਾਮ ਹੋਵੇਗਾ। ਇਹ ਹੰਕਾਰ ਲੋਕਤੰਤਰ ਲਈ ਖਤਰਨਾਕ ਹੈ।
ਸੰਪਾਦਕੀ ਵਿੱਚ ਕਿਹਾ ਗਿਆ ਕਿ ਨਵਾਂ ਸੰਸਦ ਭਵਨ ਕਿਸੇ ਪਾਰਟੀ ਦਾ ਨਹੀਂ ਸਗੋਂ ਦੇਸ਼ ਦਾ ਹੈ। ਨਾਲ ਹੀ ਦਾਅਵਾ ਕੀਤਾ ਗਿਆ ਕਿ ਭਾਜਪਾ ਆਗੂਆਂ ਵੱਲੋਂ ਲੋਕਤੰਤਰ ਦੀ ਗੱਲ ਕਰਨਾ ਮਜ਼ਾਕ ਹੈ। ਪਾਰਟੀ ਨੇ ਸਵਾਲ ਕੀਤਾ ਕਿ ਕੀ ਅਡਵਾਨੀ ਨੂੰ ਇਸ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਹੈ, ਜਿਸ ਕਾਰਨ ਭਾਜਪਾ ਨੂੰ ਚੰਗੇ ਦਿਨ ਦੇਖਣ ਨੂੰ ਮਿਲੇ ਹਨ। ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਦੇ ਬਰਾਬਰ ਦਾ ਦਰਜਾ ਮਿਲਦਾ ਹੈ, ਇਸ ਲਈ ਸੱਦਾ ਪੱਤਰ ਵਿਚ ਵਿਰੋਧੀ ਧਿਰ ਦੇ ਨੇਤਾ ਦਾ ਨਾਂ ਵੀ ਹੁੰਦਾ ਤਾਂ ਚੰਗਾ ਹੁੰਦਾ।