ਨਵੀਂ ਦਿੱਲੀ: ਗੁਰੂ ਸ੍ਰੀ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, 'ਸ਼ਬਦ ਕੀਰਤਨ ਸੁਣ ਕੇ ਹੁਣ ਜੋ ਸਕੂਨ ਮਿਲਿਆ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਗੁਰੂ ਜੀ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਸਨੂੰ ਸਾਡੇ ਗੁਰੂਆਂ ਦੀ ਵਿਸ਼ੇਸ਼ ਕਿਰਪਾ ਸਮਝਦਾ ਹਾਂ।
ਉਨ੍ਹਾਂ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਆਪਣੇ ਗੁਰੂਆਂ ਦੇ ਆਦਰਸ਼ਾਂ 'ਤੇ ਪੂਰੀ ਸ਼ਰਧਾ ਨਾਲ ਅੱਗੇ ਵੱਧ ਰਿਹਾ ਹੈ। ਇਸ ਸ਼ੁਭ ਅਵਸਰ 'ਤੇ ਮੈਂ ਸਾਰੇ ਦਸਾਂ ਗੁਰੂਆਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਅਤੇ ਵਿਸ਼ਵ ਭਰ ਵਿੱਚ ਗੁਰੂਬਾਣੀ ਵਿੱਚ ਆਸਥਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਹਾਰਦਿਕ ਵਧਾਈਆਂ। ਪੀਐਮ ਨੇ ਕਿਹਾ ਕਿ ਇਹ ਲਾਲ ਕਿਲਾ ਕਈ ਅਹਿਮ ਦੌਰਾਂ ਦਾ ਗਵਾਹ ਰਿਹਾ ਹੈ। ਇਸ ਕਿਲ੍ਹੇ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਦਰਸ਼ਨ ਵੀ ਕੀਤੇ ਹਨ ਅਤੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੀ ਹਿੰਮਤ ਵੀ ਪਰਖੀ ਹੈ।
ਉਨ੍ਹਾਂ ਕਿਹਾ ਕਿ ਇਹ ਭਾਰਤ ਭੂਮੀ ਸਿਰਫ਼ ਦੇਸ਼ ਹੀ ਨਹੀਂ ਹੈ, ਸਗੋਂ ਇਹ ਸਾਡੀ ਮਹਾਨ ਵਿਰਾਸਤ, ਮਹਾਨ ਪਰੰਪਰਾ ਹੈ। ਇਸ ਨੂੰ ਸਾਡੇ ਰਿਸ਼ੀ-ਮੁਨੀਆਂ, ਗੁਰੂਆਂ ਨੇ ਲੱਖਾਂ ਸਾਲਾਂ ਦੀ ਤਪੱਸਿਆ ਨਾਲ ਸਿੰਜਿਆ ਹੈ, ਇਸ ਦੇ ਵਿਚਾਰਾਂ ਨਾਲ ਭਰਪੂਰ ਕੀਤਾ ਹੈ। ਉਸ ਸਮੇਂ ਭਾਰਤ ਨੂੰ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿਚ ਆਪਣੀ ਪਛਾਣ ਬਚਾਉਣ ਦੀ ਵੱਡੀ ਆਸ ਦਿਖਾਈ ਦਿੱਤੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਬਣ ਕੇ ਔਰੰਗਜ਼ੇਬ ਦੀ ਜ਼ਾਲਮ ਸੋਚ ਦੇ ਸਾਹਮਣੇ ਚਟਾਨ ਵਾਂਗ ਖੜ੍ਹੇ ਸਨ। ਉਸ ਸਮੇਂ ਦੇਸ਼ ਵਿੱਚ ਧਾਰਮਿਕ ਕੱਟੜਤਾ ਦਾ ਤੂਫ਼ਾਨ ਆਇਆ ਹੋਇਆ ਸੀ। ਸਾਡੇ ਭਾਰਤ ਦੇ ਸਾਹਮਣੇ ਅਜਿਹੇ ਲੋਕ ਸਨ, ਜੋ ਧਰਮ ਨੂੰ ਦਰਸ਼ਨ, ਵਿਗਿਆਨ ਅਤੇ ਸਵੈ-ਖੋਜ ਦਾ ਵਿਸ਼ਾ ਮੰਨਦੇ ਸਨ, ਜਿੰਨ੍ਹਾਂ ਨੇ ਧਰਮ ਦੇ ਨਾਂ 'ਤੇ ਹਿੰਸਾ ਅਤੇ ਅੱਤਿਆਚਾਰ ਕੀਤੇ ਸਨ।