ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister of India Narendra Modi) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨਾਲ ਕਰੀਬ 50 ਮਿੰਟ ਤੱਕ ਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ 'ਚ ਉਭਰਦੇ ਹਾਲਾਤ 'ਤੇ ਚਰਚਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯੂਕਰੇਨ ਅਤੇ ਰੂਸ ਦੀਆਂ ਟੀਮਾਂ ਵਿਚਾਲੇ ਗੱਲਬਾਤ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪੁਤਿਨ (President Vladimir Putin) ਨੂੰ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਚੱਲ ਰਹੀ ਗੱਲਬਾਤ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਸਿੱਧੀ ਗੱਲਬਾਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸੁਮੀ ਸਮੇਤ ਯੂਕਰੇਨ ਦੇ ਕੁਝ ਹਿੱਸਿਆਂ ਵਿੱਚ ਜੰਗਬੰਦੀ ਦੇ ਐਲਾਨ ਅਤੇ ਮਾਨਵਤਾਵਾਦੀ ਗਲਿਆਰੇ ਦੇ ਨਿਰਮਾਣ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਮੀ ਤੋਂ ਭਾਰਤੀ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਕੱਢਣ ਦੇ ਮਹੱਤਵ 'ਤੇ ਜ਼ੋਰ ਦਿੱਤਾ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਸੁਰੱਖਿਅਤ ਨਿਕਾਸੀ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵੱਲੋਂ ਜਾਰੀ ਬਿਆਨ ਮੁਤਾਬਕ ਮੋਦੀ ਨੇ ਕਿਹਾ ਕਿ ਜੇਕਰ ਪੁਤਿਨ ਉਨ੍ਹਾਂ ਦੀ ਸਲਾਹ 'ਤੇ ਅਮਲ ਕਰਦੇ ਹਨ ਤਾਂ ਇਸ ਵਿਸ਼ੇ 'ਤੇ ਚੱਲ ਰਹੇ ਸ਼ਾਂਤੀ ਯਤਨਾਂ ਨੂੰ ਕਾਫੀ ਮਦਦ ਮਿਲ ਸਕਦੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੋਦੀ ਅਤੇ ਪੁਤਿਨ ਵਿਚਾਲੇ ਫੋਨ 'ਤੇ ਗੱਲਬਾਤ ਕਰੀਬ 50 ਮਿੰਟ ਤੱਕ ਚੱਲੀ। ਪੀਐਮਓ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਯੂਕਰੇਨ ਵਿੱਚ ਉਭਰਦੀ ਸਥਿਤੀ 'ਤੇ ਚਰਚਾ ਕੀਤੀ ਅਤੇ ਇਸ ਦੌਰਾਨ ਪੁਤਿਨ ਨੇ ਉਨ੍ਹਾਂ ਨੂੰ ਯੂਕਰੇਨ ਅਤੇ ਰੂਸ ਦੇ ਪ੍ਰਤੀਨਿਧ ਮੰਡਲਾਂ ਵਿਚਾਲੇ ਚੱਲ ਰਹੀ ਗੱਲਬਾਤ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ। ਇਸ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਗੱਲਬਾਤ ਦਾ ਸੁਆਗਤ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਇਹ ਦੋਵੇਂ ਦੇਸ਼ਾਂ ਨੂੰ ਸੰਘਰਸ਼ ਨੂੰ ਖਤਮ ਕਰਨ ਵੱਲ ਲੈ ਜਾਵੇਗਾ।
ਪੁਤਿਨ ਅਤੇ ਮੋਦੀ ਵਿਚਾਲੇ ਗੱਲਬਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਰੂਸ ਨੇ ਨਾਗਰਿਕਾਂ ਨੂੰ ਕੱਢਣ ਲਈ ਸੋਮਵਾਰ ਸਵੇਰ ਤੋਂ ਜੰਗਬੰਦੀ ਦੇ ਨਾਲ ਕਈ ਖੇਤਰਾਂ 'ਚ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਦਾ ਐਲਾਨ ਕੀਤਾ ਹੈ। ਉੱਤਰੀ, ਦੱਖਣ ਅਤੇ ਮੱਧ ਯੂਕਰੇਨ ਦੇ ਸ਼ਹਿਰਾਂ ਵਿੱਚ ਲਗਾਤਾਰ ਰੂਸੀ ਗੋਲਾਬਾਰੀ ਦੇ ਵਿਚਕਾਰ ਹਜ਼ਾਰਾਂ ਯੂਕਰੇਨੀ ਅਤੇ ਦੂਜੇ ਦੇਸ਼ਾਂ ਦੇ ਨਾਗਰਿਕ ਸੁਰੱਖਿਅਤ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਵੀ ਵਿਦਿਆਰਥੀਆਂ ਸਮੇਤ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਯੂਕਰੇਨ ਦੇ ਸੁਮੀ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਤੋਂ ਜਾਣੂ ਕਰਵਾਇਆ। ਉਸਨੇ ਸੁਮੀ ਸਮੇਤ ਕੁਝ ਹੋਰ ਯੂਕਰੇਨੀ ਸ਼ਹਿਰਾਂ ਵਿੱਚ ਜੰਗਬੰਦੀ ਅਤੇ ਮਨੁੱਖੀ ਗਲਿਆਰੇ ਖੋਲ੍ਹਣ ਦੀ ਘੋਸ਼ਣਾ ਦੀ ਸ਼ਲਾਘਾ ਕੀਤੀ ਅਤੇ ਸੂਮੀ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪੀਐਮਓ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤੀ ਵਿਦਿਆਰਥੀਆਂ ਸਮੇਤ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਮਾਨਵਤਾਵਾਦੀ ਗਲਿਆਰਾ ਖੋਲ੍ਹਣ ਦੇ ਉਪਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।