ਮਥੁਰਾ:ਵਰਿੰਦਾਵਨ ਥਾਣਾ ਖੇਤਰ ਦੇ ਅਧੀਨ ਰੰਗਜੀ ਦੇ ਬਾਡਾ ਗਾਰਡਨ ਦੇ ਕੋਲ ਸਥਿਤ ਵੈਂਕਟੇਸ਼ ਮੰਦਰ 'ਚ ਪਤਨੀ ਦੀ ਬੇਰਹਿਮੀ ਨਾਲ ਕਤਲ ਕਰਨ ਵਾਲੇ ਪੁਜਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀਆਂ ਦੋ ਇੱਟਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੀ ਪਤਨੀ ਕਈ ਸਾਲ ਬੀਤ ਜਾਣ ਦੇ ਬਾਵਜੂਦ ਮਾਂ ਨਹੀਂ ਬਣ ਸਕੀ। ਇਸ ਕਾਰਨ ਪੁਜਾਰੀ ਨੇ ਮੰਦਿਰ ਵਿਚ ਹੀ ਸਥਿਤ ਖੂਹ ਵਿਚ ਪਤਨੀ ਦੇ ਪੈਰਾਂ 'ਤੇ ਇੱਟਾਂ ਬੰਨ੍ਹ ਕੇ ਉਸ ਨੂੰ ਖੂਹ ਵਿਚ ਸੁੱਟ ਦਿੱਤਾ ਅਤੇ ਇਸ ਘਟਨਾ ਨੂੰ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਮੌਤ ਤੋਂ ਬਾਅਦ ਦੁਬਾਰਾ ਵਿਆਹ ਕਰਵਾ ਸਕੇ|
ਵਰਿੰਦਾਵਨ ਥਾਣਾ ਖੇਤਰ ਦੇ ਅਧੀਨ ਸਥਿਤ ਵੈਂਕਟੇਸ਼ ਮੰਦਰ ਦੇ ਪੁਜਾਰੀ ਨਾਰਾਇਣ ਪ੍ਰਪੰਨਾਚਾਰੀਆ ਉਰਫ ਨਵੀਨ ਸ਼ਰਮਾ ਦੀ ਪਤਨੀ ਵੈਜਯੰਤੀ ਸ਼ਰਮਾ (32) ਉਰਫ ਝੁਨੀ ਦੀ ਲਾਸ਼ ਮੰਦਰ ਦੇ ਖੂਹ 'ਚੋਂ ਬਰਾਮਦ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਜਨਾਰਦਨ ਸ਼ਰਮਾ ਵਾਸੀ ਬਿਹਾਰ ਨੇ ਸ਼ਨੀਵਾਰ ਨੂੰ ਆਪਣੇ ਜਵਾਈ ਨਵੀਨ ਅਤੇ ਉਸਦੀ ਮਾਂ ਸੁਨੈਨਾ ਦੇਵੀ ਦੇ ਖਿਲਾਫ ਕੋਤਵਾਲੀ ਵਰਿੰਦਾਵਨ 'ਚ ਹੱਤਿਆ ਅਤੇ ਸਬੂਤ ਮਿਟਾਉਣ ਸਮੇਤ ਕਈ ਦੋਸ਼ਾਂ 'ਚ ਰਿਪੋਰਟ ਦਰਜ ਕਰਵਾਈ ਸੀ। ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਪੁਲੀਸ ਨੇ ਐਤਵਾਰ ਸਵੇਰੇ ਵੱਡੇ ਬਾਗ ਨੇੜਿਓਂ ਨਵੀਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਉਸ ਦੇ ਕਬਜ਼ੇ 'ਚੋਂ ਵਾਰਦਾਤ 'ਚ ਵਰਤੀਆਂ ਗਈਆਂ 2 ਇੱਟਾਂ ਵੀ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਮਾਂ ਬਣਨ ਤੋਂ ਅਸਮਰੱਥ ਹੋਣ ਕਾਰਨ ਦੋਸ਼ੀ ਨੇ ਦੁਬਾਰਾ ਵਿਆਹ ਕਰਵਾਉਣ ਦੇ ਇਰਾਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।