ਨਵੀਂ ਦਿੱਲੀ: 15ਵੇਂ ਰਾਸ਼ਟਰਪਤੀ ਦੀ ਚੋਣ ਵਿੱਚ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਵੱਡੀ ਜਿੱਤ ਦਰਜ ਕੀਤੀ ਹੈ। ਦ੍ਰੋਪਦੀ ਮੁਰਮੂ ਨੇ ਗਿਣਤੀ ਦੇ ਤੀਜੇ ਗੇੜ ਦੇ ਅੰਤ ਵਿੱਚ ਕੁੱਲ ਵੈਧ ਵੋਟਾਂ ਦੇ 50% ਦਾ ਅੰਕੜਾ ਪਾਰ ਕਰ ਲਿਆ। ਉਨ੍ਹਾਂ ਦਾ ਰਾਸ਼ਟਰਪਤੀ ਬਣਨਾ ਤੈਅ ਹੈ।
ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਰਿਟਰਨਿੰਗ ਅਫ਼ਸਰ ਅਤੇ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੇ ਦੱਸਿਆ ਕਿ ਹੁਣ ਤੱਕ ਕੁੱਲ 3219 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਜਿੰਨ੍ਹਾਂ ਦਾ ਕੁੱਲ ਮੁੱਲ 8,38,839 ਹੈ। ਜਿਸ ਵਿੱਚੋਂ ਦ੍ਰੋਪਦੀ ਮੁਰਮੂ ਨੂੰ 5,77,777 ਦੇ ਮੁੱਲ ਦੀਆਂ 2161 ਵੋਟਾਂ ਮਿਲੀਆਂ ਹਨ। ਜਦਕਿ ਯਸ਼ਵੰਤ ਸਿਨਹਾ ਨੂੰ 2,61,062 ਦੇ ਮੁੱਲ ਦੀਆਂ 1058 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਦ੍ਰੋਪਦੀ ਮੁਰਮੂ ਨੇ 50 ਫੀਸਦੀ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਤੀਸਰੇ ਪੜਾਅ ਦੀ ਗਿਣਤੀ ਤੋਂ ਬਾਅਦ ਰਾਸ਼ਟਰਪਤੀ ਚੋਣ ਵਿੱਚ ਜੇਤੂ ਬਣ ਕੇ ਉਭਰੀ ਹੈ।
ਯਸ਼ਵੰਤ ਸਿਨਹਾ ਨੇ ਦਿੱਤੀ ਵਧਾਈ: ਦੂਜੇ ਪਾਸੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਦ੍ਰੋਪਦੀ ਮੁਰਮੂ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਸਿਨਹਾ ਨੇ ਟਵੀਟ ਕੀਤਾ, ''ਰਾਸ਼ਟਰਪਤੀ ਚੋਣਾਂ 2022 'ਚ ਦ੍ਰੋਪਦੀ ਮੁਰਮੂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦੇਣ ਲਈ ਮੈਂ ਦੇਸ਼ ਦੇ ਨਾਗਰਿਕਾਂ ਵਿੱਚ ਸ਼ਾਮਲ ਹੁੰਦਾ ਹਾਂ। ਭਾਰਤ ਨੂੰ ਉਮੀਦ ਹੈ ਕਿ ਗਣਰਾਜ ਦੀ 15ਵੀਂ ਰਾਸ਼ਟਰਪਤੀ ਹੋਣ ਦੇ ਨਾਤੇ, ਉਹ ਬਿਨਾਂ ਕਿਸੇ ਡਰ ਜਾਂ ਪੱਖ ਦੇ ਸੰਵਿਧਾਨ ਦੀ ਰੱਖਿਅਕ ਵਜੋਂ ਕੰਮ ਕਰਨਗੇ।
ਰਾਜਨਾਥ ਸਿੰਘ ਨੇ ਵਧਾਈ ਦਿੱਤੀ: ਰਾਸ਼ਟਰਪਤੀ ਚੋਣ ਵਿੱਚ ਜਿੱਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦ੍ਰੋਪਦੀ ਮੁਰਮੂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, 'ਰਾਸ਼ਟਰਪਤੀ ਚੋਣ 'ਚ ਸ਼ਾਨਦਾਰ ਜਿੱਤ ਦਰਜ ਕਰਨ ਲਈ ਦ੍ਰੋਪਦੀ ਮੁਰਮੂ ਜੀ ਨੂੰ ਵਧਾਈ। ਉਹ ਪਿੰਡਾਂ, ਗਰੀਬਾਂ, ਵਾਂਝੇ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਲੋਕ ਭਲਾਈ ਲਈ ਸਰਗਰਮ ਰਹੀ ਹੈ। ਅੱਜ ਉਹ ਉਨ੍ਹਾਂ ਦੇ ਵਿੱਚੋਂ ਨਿੱਕਲ ਕੇ ਸੰਵਿਧਾਨਕ ਅਹੁਦੇ 'ਤੇ ਪਹੁੰਚ ਗਈ ਹੈ। ਇਹ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਮਾਣ ਹੈ।
ਇਹ ਵੀ ਪੜ੍ਹੋ:ਸਿੱਖ ਵਿਦਿਆਰਥੀਆਂ ਨੂੰ ਸਕੂਲ 'ਚ ਦਸਤਾਰ ਸਜਾਉਣ ਤੋਂ ਰੋਕਣ 'ਤੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ