ਹੈਦਰਾਬਾਦ:ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਵੱਲੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਚੰਨ ਦੀ ਧਰਾਤਲ 'ਤੇ ਉਤਰਨ ਤੋਂ ਬਾਅਦ ਵਿਕਰਮ ਲੈਂਡਰ ਤੋਂ ਪ੍ਰਗਿਆਨ ਰੋਵਰ ਨੂੰ ਬਾਹਰ ਆਉਂਦਾ ਵੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ ਲੈਂਡਰ ਇਮੇਜਰ ਕੈਮਰੇ ਨੇ ਚੰਨ ਦੀ ਧਰਾਤਲ ਨੂੰ ਛੂਹਣ ਤੋਂ ਠੀਕ ਪਹਿਲਾਂ ਚੰਦ ਦੀ ਤਸਵੀਰ ਖਿੱਚੀ ਹੈ। ਇਸਰੋ ਵੱਲੋਂ ਚੰਦਰਯਾਨ-3 ਮਿਸ਼ਨ ਦੇ ਰੋਵਰ 'ਪ੍ਰਗਿਆਨ' ਦੇ ਲੈਂਡਰ 'ਵਿਕਰਮ' ਤੋਂ ਚੰਨ ਦੀ ਧਰਾਤਲ 'ਤੇ ਘੁੰਮਣ ਦਾ ਇੱਕ ਸ਼ਾਨਦਾਰ ਵੀਡੀਓ 'ਐਕਸ' 'ਤੇ ਪੋਸਟ ਕੀਤਾ ਗਿਆ ਹੈ, ਜੋ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਦੇ ਨਾਲ ਹੀ, ਇਸਰੋ ਨੇ ਇਕ ਸੰਦੇਸ਼ ਵੀ ਜਾਰੀ ਕੀਤਾ ਹੈ।
ਲੈਂਡਰ ਦੀ ਤਸਵੀਰ ਵੀ ਜਾਰੀ :ਇਸਰੋ ਨੇ ਚੰਦਰਯਾਨ-2 ਦੇ ਆਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰੇ ਨਾਲ ਚੰਨ ਦੀ ਧਰਾਤਲ 'ਤੇ ਸਾਫਟ ਲੈਂਡਿੰਗ ਤੋਂ ਬਾਅਦ ਕੈਪਚਰ ਕੀਤੇ ਲੈਂਡਰ ਦੀ ਤਸਵੀਰ ਵੀ ਜਾਰੀ ਕੀਤੀ ਹੈ। ਚੰਦਰਯਾਨ-2 ਆਰਬਿਟਰ ਨੇ ਕੀਤਾ ਚੰਦਰਯਾਨ-3 ਲੈਂਡਰ ਦਾ ਫੋਟੋਸ਼ੂਟ! ਚੰਦਰਯਾਨ-2 ਦਾ ਔਰਬਿਟਰ ਹਾਈ-ਰੈਜ਼ੋਲਿਊਸ਼ਨ ਕੈਮਰਾ- ਮੌਜੂਦਾ ਸਮੇਂ ਵਿੱਚ ਸਭ ਤੋਂ ਵਧੀਆ ਰੈਜ਼ੋਲਿਊਸ਼ਨ ਕੈਮਰਾ ਹੈ ਅਤੇ ਇਹ ਕੈਮਰਾ ਚੰਨ ਦੇ ਆਲੇ-ਦੁਆਲੇ ਚੰਦਰਯਾਨ-3 ਨੂੰ ਦੇਖਦਾ ਹੈ।