ਚੰਡੀਗੜ੍ਹ:ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸ਼ੁੱਕਰਵਾਰ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਮੰਤਰੀਆਂ ਨੂੰ ਕਾਂਗਰਸ ਭਵਨ ‘ਚ ਬੈਠਣ ਲਈ ਉਨ੍ਹਾਂ ਦਾ ਰੋਸਟਰ ਬਣਾਉਣ ਲਈ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ: ਸੁਣੋ, ਰਿਹਾਈ ਤੋਂ ਬਾਅਦ ਕੀ ਬੋਲੇ ਸਾਬਕਾ DGP ਸੁਮੇਧ ਸੈਣੀ
ਸਿੱਧੂ ਨੇ ਕਿਹਾ ਹੈ ਕਿ ਪਾਰਟੀ ਦੀ ਸਖ਼ਤ ਮਿਹਨਤ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ‘ਜਿੱਤ ਹਾਸਲ ਹੋਈ ਸੀ ਤੇ ਹੁਣ ਵੀ ਉਹ ਪ੍ਰਧਾਨ ਬਣਨ ਉਪਰੰਤ ਸਖ਼ਤ ਮਿਹਨਤ ਕਰਕੇ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤੇ ਮੰਤਰੀਆਂ ਦੇ ਕਾਂਗਰਸ ਭਵਨ ਬੈਠ ਕੇ ਪਾਰਟੀ ਵਰਕਰਾਂ, ਮੁਲਾਜ਼ਮ ਯੂਨੀਅਨਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ, ਜਿਸ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਸਿੱਧੂ ਨਾਲ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਤੇ ਪੀਪੀਸੀਸੀ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਮੌਜੂਦ ਰਹੇ।
ਸਿੱਧੂ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਵੀ ਸੌਂਪਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਹ ਲੋਕਾਂ ਤੇ ਵਰਕਰਾਂ ਨਾਲ ਮੁਲਾਕਾਤ ਕਰ ਰਹੇ ਹਨ ਤੇ ਇਸ ਦੌਰਾਨ ਕਾਂਗਰਸ ਕਮੇਟੀ ਦੇ ਧਿਆਨ ਹਿੱਤ ਰੋਜਾਨਾ ਅਨੇਕ ਮੁੱਦੇ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤੇ ਵਰਕਿੰਗ ਪ੍ਰਧਾਨਾਂ ਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿੱਪ ਦਾ ਮੰਨਣਾ ਹੈ ਕਿ ਜੇਕਰ ਕੈਬਨਿਟ ਮੰਤਰੀ ਰੋਜਾਨਾ ਅਧਾਰ ‘ਤੇ ਕਾਂਗਰਸ ਭਵਨ ਵਿੱਚ ਪੰਜ ਦਿਨ ਬੈਠ ਕੇ ਸਮੱਸਿਆਵਾਂ ਸੁਣਨ ਤਾਂ ਇਹ ਸੇਵਾ ਨਿਭਾਉਣ ਦਾ ਵਧੀਆ ਤਰੀਕਾ ਹੋਵੇਗਾ। ਇਸ ਲਈ ਮੰਤਰੀਆਂ ਦਾ ਰੋਸਟਰ ਬਣਾਇਆ ਜਾਣਾ ਚਾਹੀਦਾ ਹੈ।
ਦੂਜੇ ਪਾਸੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਪਾਰਟੀ ਤੇ ਸਰਕਾਰ ਵਿਚਾਲੇ ਵਧੀਆ ਤਾਲਮੇਲ ਦੇ ਮੰਤਵ ਨਾਲ ਅੱਜ ਸਵੇਰੇ ਨਵਜੋਤ ਸਿੰਘ ਸਿੱਧੂ, ਕੁਲਜੀਤ ਨਾਗਰਾ ਤੇ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਇਹ ਮੀਟਿੰਗ ਸੁਖਾਲੇ ਮਹੌਲ ਵਿੱਚ ਹੋਈ ਹੈ।
ਇਹ ਵੀ ਪੜੋ: ਬੇਜ਼ਮੀਨੇ ਤੇ ਕਿਰਤੀਆਂ ਦਾ 520 ਕਰੋੜ ਰੁਪਏ ਦਾ ਕਰਜ਼ਾ ਹੋਵੇਗਾ ਮਾਫ਼
ਸਰਕਾਰ ਤੇ ਪਾਰਟੀ ‘ਚ ਤਾਲਮੇਲ ਲਈ ਵਿਊਂਤਬੰਦੀ ਗਰੁੱਪ ਬਣਾਇਆ
ਜਿਕਰਯੋਗ ਹੈ ਕਿ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਹੁਣ ਸ਼ੀਤ ਯੁੱਧ ਵਿੱਚ ਬਦਲਦੀ ਨਜਰ ਆ ਰਹੀ ਹੈ। ਨਵਜੋਤ ਸਿੱਧੂ ਨੇ ਕੈਪਟਨ ਨਾਲ ਮੁਲਾਕਾਤ ਉਪਰੰਤ ਟਵੀਟਰ ‘ਤੇ ਉਹ ਪੱਤਰ ਵੀ ਪਾ ਦਿੱਤਾ, ਜਿਹੜਾ ਉਨ੍ਹਾਂ ਮੁੱਖ ਮੰਤਰੀ ਨੂੰ ਸੌਂਪਿਆ। ਇਸ ਉਪਰੰਤ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਜਿੱਥੇ ਕੈਪਟਨ-ਸਿੱਧੂ ਮੀਟਿੰਗ ਨੂੰ ਵਧੀਆ ਤਾਲਮੇਲ ਲਈ ਮੀਟਿੰਗ ਕਰਾਰ ਦਿੱਤਾ, ਉਥੇ ਕੁਝ ਚਿਰ ਮਗਰੋਂ ਇੱਕ ਹੋਰ ਟਵੀਟ ਜਾਰੀ ਕਰਕੇ ਜਾਣਕਾਰੀ ਜਨਤਕ ਕੀਤੀ ਕਿ ਮੁੱਖ ਮੰਤਰੀ ਤੇ ਪੀਪੀਸੀਸੀ ਪ੍ਰਧਾਨ ਵਿਚਾਲੇ 10 ਮੈਂਬਰੀ ‘ਵਿਊਂਤਬੰਦੀ ਨੀਤੀ ਗਰੁੱਪ‘ (Strategic Policy Group)ਸਥਾਪਤ ਕਰਨ ਦੀ ਸਹਿਮਤੀ ਬਣੀ ਹੈ ਤੇ ਇਹ ਗਰੁੱਪ ਸਰਕਾਰ ਦੇ ਪ੍ਰੋਗਰਾਮਾਂ ਨੂੰ ਤੇਜੀ ਨਾਲ ਲਾਗੂ ਕਰਨ ਅਤੇ ਪਾਰਟੀ ਤੇ ਸਰਕਾਰ ਵਿਚਾਲੇ ਤਾਲਮੇਲ ਸਥਾਪਤ ਕਰਨ ਦੀ ਦਿਸ਼ਾ ਵੱਲ ਕੰਮ ਕਰੇਗਾ। ਗਰੁੱਪ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਣਗੇ ਤੇ ਇਹ ਗਰੁੱਪ ਹਫਤੇ ਵਿੱਚ ਇੱਕ ਵਾਰ ਮੁਲਾਕਾਤ ਕਰੇਗਾ। ਗਰੁੱਪ ਵਿੱਚ ਕੈਪਟਨ ਤੋਂ ਇਲਾਵਾ ਬ੍ਰਹਮ ਮੋਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ, ਨਵਜੋਤ ਸਿੱਧੂ, ਕੁਲਜੀਤ ਨਾਗਰਾ, ਸੁਖਵਿੰਦਰ ਸਿੰਘ ਡੈਣੀ, ਸੰਗਤ ਸਿੰਘ ਗਿਲਜੀਆਂ ਤੇ ਪਵਨ ਗੋਇਲ ਤੋਂ ਇਲਾਵਾ ਪ੍ਰਗਟ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਕਾਂਗਰਸ ਭਵਨ ‘ਚ ਬੈਠਣਗੇ ਮੰਤਰੀ
ਮੁੱਖ ਮੰਤਰੀ ਨੇ ਪਾਰਟੀ ਆਗੂਆਂ ਦੀ ਤਜਵੀਜ਼ ‘ਤੇ ਮੰਤਰੀਆਂ ਨੂੰ ਪੰਜਾਬ ਕਾਂਗਰਸ ਭਵਨ ਵਿੱਚ ਬੈਠਣ ਲਈ ਕਹਿ ਦਿੱਤਾ ਹੈ। ਮੀਡੀਆ ਸਲਾਹਕਾਰ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਪਾਰਟੀ ਤੇ ਸਰਕਾਰ ਦੇ ਤਾਲਮੇਲ ਦੀ ਮਜਬੂਤੀ ਲਈ ਮੁੱਖ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜਾਨਾ ਸਵੇਰੇ ਰੋਟੇਸ਼ਨ ਵਿੱਚ ਪਾਰਟੀ ਵਰਕਰਾਂ ਤੇ ਵਿਧਾਇਕਾਂ ਤੇ ਹੋਰ ਅਹੁਦੇਦਾਰਾਂ ਨੂੰ ਮਿਲਣ ਤੇ ਉਨ੍ਹਾਂ ਦੇ ਹਲਕਿਆਂ ਦੀ ਸਮੱਸਿਆਵਾਂ ਤੇ ਸ਼ਿਕਾਇਤਾਂ ਹੱਲ ਕਰਨ।