ਚੰਡੀਗੜ੍ਹ: ਖਾਲਿਸਤਾਨ ਟਾਈਗਰ ਫੋਰਸ ਦੇ ਕਮਾਂਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਖਾਲਿਸਤਾਨੀਆਂ ਵਲੋਂ ਕੈਨੇਡਾ ‘ਚ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਦੇ ਬਾਹਰ ਪੋਸਟਰ ਲਗਾ ਦਿੱਤੇ ਗਏ ਹਨ। ਭਾਰਤ ਦੇ ਵਿਦੇਸ਼ ਹਾਈ ਕਮਿਸ਼ਨ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਨੂੰ ‘ਵਾਂਟਡ’ ਸ਼ਬਦ ਲਿਖੇ ਪੋਸਟਰ ਚਿਪਕਾਏ ਗਏ ਹਨ। ਪੋਸਟਰ ਲਗਾਉਣ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ , ਜੋ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪੋਸਟਰ ਵਿੱਚ ਹਰਦੀਪ ਨਿੱਝਰ ਦੀ ਫੋਟੋ: ਇਸ ਦੇ ਨਾਲ ਹੀ ਪੋਸਟਰ ਵਿੱਚ ਹਰਦੀਪ ਨਿੱਝਰ ਦੀ ਫੋਟੋ ਲਗਾਈ ਗਈ ਹੈ ਅਤੇ ਉਸ ਦੀ ਮੌਤ ਲਈ ਭਾਰਤ ਦੇ ਵਿਦੇਸ਼ ਹਾਈ ਕਮਿਸ਼ਨ ਦੇ ਮੈਂਬਰਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਇਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਟੋਰਾਂਟੋ ਵਿੱਚ ਅੰਬੈਸੀ ਜਨਰਲ ਅਪੂਰਵਾ ਸ਼੍ਰੀਵਾਸਤਵ ਅਤੇ ਕਮਿਸ਼ਨਰ ਮੈਂਬਰ ਮਨੀਸ਼ ਦੀਆਂ ਤਸਵੀਰਾਂ ਹਨ। ਦੱਸ ਦੇਈਏ ਕਿ ਅਪ੍ਰੈਲ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ‘ਚ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ‘ਚ ਮੱਥਾ ਟੇਕਿਆ ਸੀ।
ਨਿੱਝਰ ਦਾ ਹੋਇਆ ਸੀ ਕਤਲ:ਜ਼ਿਲ੍ਹਾ ਜਲੰਧਰ ਦੇ ਪਿੰਡ ਭਰਪੂਰਪੁਰਾ ਵਿੱਚ ਪੈਦਾ ਹੋਏ ਹਰਦੀਪ ਸਿੰਘ ਨਿੱਝਰ (45) ਦਾ ਕਤਲ 18 ਜੂਨ ਨੂੰ ਹੋਇਆ ਸੀ। ਭਾਰਤ ਦੀ ਸਰਕਾਰ ਨੇ ਨਿੱਝਰ ‘ਤੇ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਮੋਟਰਸਾਈਕਲ ‘ਤੇ ਆਏ ਦੋ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਰਦੀਪ ਸਿੰਘ ਨਿੱਝਰ ਸਰੀ ਦੇ ਇੱਕ ਗੁਰਦੁਆਰੇ ਦਾ ਮੁਖੀ ਸੀ। ਜੁਲਾਈ 2022 ਵਿੱਚ NIA ਨੇ ਉਸਨੂੰ ਭਗੌੜਾ ਐਲਾਨ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਆਪਣੇ ਹੀ ਸੰਗਠਨ ਦੇ ਕੁਝ ਲੋਕਾਂ ਤੋਂ ਖਤਰਾ ਸੀ।