ਨਵੀਂ ਦਿੱਲੀ: ਸਰਕਾਰ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਜੱਥੇਬੰਦੀਆਂ ਦਰਮਿਆਨ ਅੱਠਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਨੇ ਕਿਸਾਨੀ ਭਾਈਚਾਰੇ ਦਾ ਭਰੋਸਾ ਗੁਆ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨੀ ਚਾਹੀਦੀ ਹੈ।
ਕਿਸਾਨਾਂ ਦੀ ਪੀੜ 'ਤੇ ਦੁੱਖ ਜ਼ਾਹਰ ਕਰਦਿਆਂ ਬੀਬੀ ਬਾਦਲ ਨੇ ਕਿਹਾ, "ਇਹ ਹੈਰਾਨੀ ਦੀ ਗੱਲ ਹੈ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਰਾਤ ਖੁੱਲ੍ਹੇ ਵਿੱਚ ਬਿਤਾ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ।"
ਉਨ੍ਹਾਂ ਕਿਹਾ, 'ਜਿਹੜੀ ਸਥਿਤੀ ਪੈਦਾ ਹੋਈ ਹੈ ਅਤੇ ਹੁਣ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਇਸ ਤੋਂ ਬਚਣ ਲਈ ਮੈਂ ਕਈਂ ਮਹੀਨੇ ਤੱਕ ਕੈਬਿਨੇਟ ਮੀਟਿੰਗਾਂ ਵਿੱਚ ਜਾਂ ਕੇਂਦਰ ਸਰਕਾਰ ਦੇ ਚੋਟੀ ਦੇ ਨੇਤਾਵਾਂ ਨਾਲ ਸਿੱਧੀ ਗੱਲਬਾਤ ਵਿੱਚ ਇਹ ਕਹਿੰਦੀ ਰਹੀ ਕਿ ਤਿਨੋਂ ਕਾਨੂੰਨ ਲਿਆਉਂਣ ਤੋਂ ਪਹਿਲਾਂ ਇੱਕ ਬਾਰ ਕਿਸਾਨਾਂ ਦੀ ਗੱਲ ਸੁਣ ਲਈ ਜਾਵੇ ਕਿਉਂਕਿ ਉਹ ਦੇਸ਼ ਦੇ ਅੰਨਦਾਤਾ ਹਨ। ਨਹੀਂ ਤਾਂ ਅੰਦੋਲਨ ਹੋਵੇਗਾ, ਲੋਕ ਪ੍ਰਦਰਸ਼ਨ ਕਰਨਗੇ ਪਰ ਮੇਰੀ ਆਵਾਜ਼ ਬੋਲ਼ੇ ਕੰਨਾਂ ਤੱਕ ਨਹੀਂ ਪਹੁੰਚ ਸਕੀ।