ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਤੋਂ 15 ਜੁਲਾਈ 2023 ਤੱਕ ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਅਧਿਕਾਰਤ ਦੌਰਾ ਕਰਨਗੇ। ਪ੍ਰਧਾਨ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ 13-14 ਜੁਲਾਈ 2023 ਤੱਕ ਪੈਰਿਸ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 14 ਜੁਲਾਈ 2023 ਨੂੰ ਬੈਸਟੀਲ ਡੇ ਪਰੇਡ ਵਿੱਚ ਮੁੱਖ ਮਹਿਮਾਨ ਹੋਣਗੇ, ਜਿਸ ਵਿੱਚ ਤਿੰਨੋਂ ਸੇਵਾਵਾਂ ਦੇ ਭਾਰਤੀ ਹਥਿਆਰਬੰਦ ਬਲਾਂ ਦੀ ਟੁਕੜੀ ਵੀ ਹਿੱਸਾ ਲਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਦੋ ਦਿਨਾਂ ਲਈ ਵਾਪਸ ਆਉਂਦੇ ਹੋਏ 15 ਜੁਲਾਈ ਨੂੰ ਆਬੂ ਧਾਬੀ ਜਾਣਗੇ।
ਰਾਸ਼ਟਰਪਤੀ ਮੈਕਰੋਨ ਨਾਲ ਰਸਮੀ ਗੱਲਬਾਤ : ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਮੈਕਰੋਨ ਨਾਲ ਰਸਮੀ ਗੱਲਬਾਤ ਕਰਨਗੇ। ਰਾਸ਼ਟਰਪਤੀ ਮੈਕਰੋਨ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਇੱਕ ਸਰਕਾਰੀ ਦਾਅਵਤ ਦੇ ਨਾਲ-ਨਾਲ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਇਸ ਦੌਰੇ ਵਿੱਚ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਫਰਾਂਸ ਦੀ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨਾਂ ਨਾਲ ਮੁਲਾਕਾਤ ਕਰਨਗੇ। ਉਹ ਫਰਾਂਸ ਵਿੱਚ ਭਾਰਤੀ ਪ੍ਰਵਾਸੀਆਂ, ਭਾਰਤੀ ਅਤੇ ਫਰਾਂਸੀਸੀ ਕੰਪਨੀਆਂ ਦੇ ਸੀਈਓਜ਼ ਅਤੇ ਪ੍ਰਮੁੱਖ ਫਰਾਂਸੀਸੀ ਹਸਤੀਆਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਨਗੇ।
ਇਸ ਸਾਲ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਹੈ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਵੱਖ-ਵੱਖ ਖੇਤਰਾਂ ਜਿਵੇਂ ਕਿ ਰਣਨੀਤਕ, ਸੱਭਿਆਚਾਰਕ, ਵਿਗਿਆਨਕ, ਵਿਦਿਅਕ ਅਤੇ ਆਰਥਿਕ ਸਹਿਯੋਗ ਵਿੱਚ ਭਾਈਵਾਲੀ ਦੇ ਭਵਿੱਖ ਲਈ ਇੱਕ ਰੂਪ-ਰੇਖਾ ਤਿਆਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 15 ਜੁਲਾਈ ਨੂੰ ਅਬੂ ਧਾਬੀ ਜਾਣਗੇ। ਪ੍ਰਧਾਨ ਮੰਤਰੀ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਗੱਲਬਾਤ ਕਰਨਗੇ।
ਫਰਾਂਸ ਦੀ ਦੋ ਦਿਨਾਂ ਯਾਤਰਾ ਅਹਿਮ :ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਦੀ ਫਰਾਂਸ ਦੀ ਦੋ ਦਿਨਾਂ ਯਾਤਰਾ ਬਹੁਤ ਮਹੱਤਵਪੂਰਨ ਹੋਵੇਗੀ ਅਤੇ ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਲਈ ਇੱਕ "ਨਵਾਂ ਮਾਪਦੰਡ" ਸਥਾਪਤ ਕਰੇਗੀ। ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚਾਲੇ ਗੱਲਬਾਤ ਰੱਖਿਆ ਸਬੰਧਾਂ ਨੂੰ ਵਧਾਉਣ 'ਤੇ ਕੇਂਦਰਿਤ ਹੋਣ ਦੀ ਉਮੀਦ ਹੈ। ਸਮਝਿਆ ਜਾਂਦਾ ਹੈ ਕਿ ਭਾਰਤ ਵੱਲੋਂ ਰਾਫੇਲ ਦੇ ਜਲ ਸੈਨਾ ਮਾਡਲ ਦੇ 26 ਜਹਾਜ਼ਾਂ ਦੀ ਖਰੀਦ ਲਈ ਜ਼ਰੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ ਤਾਂ ਜੋ ਇਸ ਦਾ ਐਲਾਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਹਾਜ਼ਾਂ ਦੇ ਇੰਜਣਾਂ ਦੇ ਸਾਂਝੇ ਵਿਕਾਸ ਨਾਲ ਜੁੜੇ ਸੌਦੇ 'ਤੇ ਵੀ ਗੱਲਬਾਤ ਅੱਗੇ ਵਧ ਸਕਦੀ ਹੈ।
ਭਾਰਤੀ ਫੌਜ ਦੇ ਤਿੰਨੋਂ ਵਿੰਗਾਂ ਦੀ ਟੁਕੜੀ ਵੀ ਹਿੱਸਾ ਲਵੇਗੀ:ਕਵਾਤਰਾ ਨੇ ਪੱਤਰਕਾਰਾਂ ਨੂੰ ਕਿਹਾ, "ਪ੍ਰਧਾਨ ਮੰਤਰੀ ਦਾ ਫਰਾਂਸ ਦਾ ਦੌਰਾ ਬਹੁਤ ਮਹੱਤਵਪੂਰਨ ਹੋਵੇਗਾ ਅਤੇ ਸਾਨੂੰ ਲੱਗਦਾ ਹੈ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਾਂਝੇਦਾਰੀ ਲਈ ਇੱਕ 'ਨਵਾਂ ਮਾਪਦੰਡ' ਸਥਾਪਤ ਕਰੇਗਾ।" ਮੋਦੀ 14 ਜੁਲਾਈ ਨੂੰ ਫਰਾਂਸ ਵਿੱਚ ਬੈਸਟਿਲ ਦਿਵਸ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਵਿੱਚ ਭਾਰਤੀ ਫੌਜ ਦੇ ਤਿੰਨੋਂ ਵਿੰਗਾਂ ਦੀ ਟੁਕੜੀ ਵੀ ਹਿੱਸਾ ਲੈ ਰਹੀ ਹੈ। ਇਸ ਦੌਰੇ ਦੌਰਾਨ ਫਰਾਂਸ ਨਾਲ ਰਣਨੀਤਕ, ਵਿਗਿਆਨਕ, ਅਕਾਦਮਿਕ ਅਤੇ ਆਰਥਿਕ ਸਹਿਯੋਗ ਵਰਗੇ ਵੱਖ-ਵੱਖ ਖੇਤਰਾਂ ਵਿੱਚ ਭਵਿੱਖ ਵਿੱਚ ਸਹਿਯੋਗ ਲਈ ਰਾਹ ਲੱਭਣ ਲਈ ਵੀ ਚਰਚਾ ਕੀਤੀ ਜਾਵੇਗੀ। ਇਸ ਵਿੱਚ ਰੱਖਿਆ, ਪੁਲਾੜ, ਕਾਰੋਬਾਰ ਅਤੇ ਨਿਵੇਸ਼ ਦੇ ਖੇਤਰ ਸ਼ਾਮਲ ਹਨ।
ਕੁਵਾਤਰਾ ਨੇ ਹਾਲ ਹੀ ਵਿਚ ਫਰਾਂਸ ਦੇ ਕਈ ਸ਼ਹਿਰਾਂ ਵਿਚ ਹੋਈਆਂ ਹਿੰਸਕ ਘਟਨਾਵਾਂ ਨੂੰ ਉਸ ਦੇਸ਼ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦੌਰੇ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਮੋਦੀ-ਮੈਕਰੌਨ ਗੱਲਬਾਤ ਦੇ ਪਹਿਲੂਆਂ 'ਤੇ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰਦੇ ਹੋਏ, ਵਿਦੇਸ਼ ਸਕੱਤਰ ਨੇ ਕਿਹਾ ਕਿ ਵਿਚਾਰ-ਵਟਾਂਦਰੇ ਵਿੱਚ ਸਹਿ-ਉਤਪਾਦਨ, ਸਹਿ-ਵਿਕਾਸ ਅਤੇ ਫੌਜੀ ਉਪਕਰਣਾਂ ਦੇ ਸਾਂਝੇ ਡਿਜ਼ਾਈਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਭਾਰਤ ਦੀਆਂ ਸਵੈ-ਨਿਰਭਰਤਾ ਤਰਜੀਹਾਂ ਨਾਲ ਜੋੜਿਆ ਜਾ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀਏਸੀ), ਪ੍ਰਧਾਨ ਮੰਤਰੀ ਮੋਦੀ ਦੇ ਪੈਰਿਸ ਦੌਰੇ ਦੌਰਾਨ ਮੁੱਖ ਰੱਖਿਆ ਸੌਦਿਆਂ ਨੂੰ ਮੰਨਜ਼ੂਰੀ ਦੇਣ ਦੀ ਉਮੀਦ ਹੈ।
ਇਨ੍ਹਾਂ ਪ੍ਰੋਗਰਾਮਾਂ ਵਿੱਚ ਕਰਨਗੇ ਸ਼ਮੂਲੀਅਤ:ਰਾਫੇਲ ਅਤੇ ਏਅਰਕ੍ਰਾਫਟ ਇੰਜਣਾਂ ਨਾਲ ਸਬੰਧਤ ਪ੍ਰੋਜੈਕਟ ਤੋਂ ਇਲਾਵਾ, ਡੀਏਸੀ ਤਿੰਨ ਵਾਧੂ ਸਕਾਰਪੀਨ ਪਣਡੁੱਬੀਆਂ ਦੀ ਖਰੀਦ ਨੂੰ ਵੀ ਮਨਜ਼ੂਰੀ ਦੇ ਸਕਦਾ ਹੈ। ਮੋਦੀ ਫਰਾਂਸ ਦੇ ਸੈਨੇਟ ਦੇ ਪ੍ਰਧਾਨ ਗੇਰਾਰਡ ਲਾਰਚਰ, ਪ੍ਰਧਾਨ ਮੰਤਰੀ ਐਲੀਜ਼ਾਬੇਥ ਬਰਨੇ ਨਾਲ ਮੁਲਾਕਾਤ ਕਰਨਗੇ ਅਤੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਸ਼ਾਮ ਨੂੰ ਰਾਸ਼ਟਰਪਤੀ ਮੈਕਰੌਨ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿੱਚ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਸ਼ੁੱਕਰਵਾਰ ਨੂੰ ਐਲੀਸੀ ਪੈਲੇਸ ਵਿੱਚ ਰਵਾਇਤੀ ਸੁਆਗਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮੋਦੀ ਅਤੇ ਮੈਕਰੋਨ ਵਿਚਕਾਰ ਵਫ਼ਦ ਪੱਧਰੀ ਗੱਲਬਾਤ ਹੋਵੇਗੀ। ਦੋਵੇਂ ਨੇਤਾ ਭਾਰਤ-ਫਰਾਂਸ ਸੀਈਓ ਫੋਰਮ ਵਿੱਚ ਵੀ ਹਿੱਸਾ ਲੈਣਗੇ।
ਭਾਰਤ ਪਹਿਲਾਂ ਹੀ ਹਵਾਈ ਸੈਨਾ ਲਈ ਫਰਾਂਸ ਤੋਂ 36 ਰਾਫੇਲ ਜਹਾਜ਼ ਖਰੀਦ ਚੁੱਕਾ ਹੈ। ਭਾਰਤੀ ਜਲ ਸੈਨਾ ਸਵਦੇਸ਼ੀ ਤੌਰ 'ਤੇ ਬਣੇ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਲਈ 26 ਡੈੱਕ-ਅਧਾਰਿਤ ਲੜਾਕੂ ਜਹਾਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਰੱਖਿਆ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ, ਫਰਾਂਸੀਸੀ ਪੱਖ ਅਤੇ ਭਾਈਵਾਲ ਮਾਰਗੋ ਡੌਕ ਲਿਮਿਟੇਡ ਹੁਣ ਤਿੰਨ ਵਾਧੂ ਸਕਾਰਪੀਨ ਪਣਡੁੱਬੀਆਂ ਦਾ ਆਰਡਰ ਦੇਣ ਦੀ ਉਮੀਦ ਕਰ ਰਹੇ ਹਨ। ਰੱਖਿਆ ਮੰਤਰਾਲਾ ਏਅਰਕ੍ਰਾਫਟ ਇੰਜਣ ਦੇ ਸੰਯੁਕਤ ਵਿਕਾਸ ਲਈ ਫਰਾਂਸ ਦੀ ਕੰਪਨੀ ਸਫਰਾਨ ਨਾਲ ਗੱਲਬਾਤ ਕਰ ਰਿਹਾ ਹੈ। (ਏਜੰਸੀਆਂ)