ਪ੍ਰਦੇਸ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਲੋਕ ਸਭਾ ਹਲਕੇ ਵਾਰਾਣਸੀ ਦਾ ਦੌਰਾ ਕਰਨਗੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪ੍ਰਧਾਨ ਮੰਤਰੀ ਦੇ ਸਾਰੇ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੇ ਨਾਲ ਰਹਿਣਗੇ। ਇਸ ਨਾਲ ਪ੍ਰਧਾਨ ਮੰਤਰੀ ਵਰਾਣਸੀ ਦੇ ਦੇਵ ਦਿਵਾਲੀ ਉਤਸਵ 'ਚ ਵੀ ਸਿਰਕਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਦੀ ਆਪਣੀ ਯਾਤਰਾ ਦੌਰਾਨ ਰਾਸ਼ਟਰੀ ਰਾਜ ਮਾਰਗ ਨੰਬਰ -2 ਦੇ ਹੰਡਿਆ-ਰਾਜਾ ਤਲਾਬ ਭਾਗ ਦਾ 6 ਮਾਰਗੀ ਚੌੜੀਕਰਨ ਕੰਮ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰਾਜੈਕਟ ਪ੍ਰਯਾਗਰਾਜ ਅਤੇ ਵਾਰਾਣਸੀ ਨੂੰ ਜੋੜਦਾ ਹੈ ਅਤੇ ਸੁਨਹਿਰੀ ਚਤੁਰਭੁਜ ਪ੍ਰਾਜੈਕਟ -1 (ਦਿੱਲੀ-ਕੋਲਕਾਤਾ ਕੋਰੀਡੋਰ) ਦਾ ਵੀ ਇੱਕ ਵੱਡਾ ਹਿੱਸਾ ਹੈ।
ਇਸ ਤੋਂ ਪਹਿਲਾਂ, ਪ੍ਰਯਾਗਰਾਜ ਤੋਂ ਵਾਰਾਣਸੀ ਦੀ ਯਾਤਰਾ ਵਿੱਚ ਲਗਭਗ ਸਾਢੇ ਤਿੰਨ ਘੰਟੇ ਲੱਗਦੇ ਸਨ। ਹੁਣ ਪ੍ਰਯਾਗਰਾਜ ਤੋਂ ਵਾਰਾਣਸੀ ਦੀ ਯਾਤਰਾ ਵਿਚ ਸਿਰਫ ਡੇਢ ਘੰਟੇ ਲੱਗਣਗੇ। ਇਸ ਪ੍ਰਾਜੈਕਟ ਦੀ ਲਾਗਤ 2,447 ਕਰੋੜ ਰੁਪਏ ਹੈ। ਮੋਦੀ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਧਾਮ ਪ੍ਰਾਜੈਕਟ ਵਾਲੀ ਥਾਂ ਦਾ ਦੌਰਾ ਕਰਨਗੇ ਅਤੇ ਰਾਜਘਾਟ ਵਿਖੇ ਆਯੋਜਿਤ ‘ਦੇਵ ਦੀਪਾਂਵਾਲੀ’ ਮੇਲੇ ਵਿੱਚ ਸ਼ਿਰਕਤ ਕਰਨਗੇ। ਉਹ ਸਾਰਨਾਥ ਪੁਰਾਤੱਤਵ ਕੰਪਲੈਕਸ ਦਾ ਦੌਰਾ ਵੀ ਕਰਨਗੇ ਅਤੇ ਲਾਈਟ ਐਂਡ ਸਾਉਂਡ ਸ਼ੋਅ ਵੀ ਦੇਖਣਗੇ।