ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰੀਸ ਤੋਂ ਸਿੱਧੇ ਬੈਂਗਲੁਰੂ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਮੁਖੀ ਐਸ ਸੋਮਨਾਥ ਨਾਲ ਮੁਲਾਕਾਤ ਕੀਤੀ ਅਤੇ ਚੰਦਰਯਾਨ-3 ਦੇ ਚੰਦਰਮਾ 'ਤੇ ਸਫਲ ਲੈਂਡਿੰਗ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਇਸਰੋ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਭਾਰਤ ਪਹੁੰਚ ਕੇ ਜਲਦੀ ਤੋਂ ਜਲਦੀ ਤੁਹਾਨੂੰ ਮਿਲਣਾ ਚਾਹੁੰਦਾ ਸੀ। ਤੁਹਾਨੂੰ ਸਲਾਮ ਕਰਨਾ ਚਾਹੁੰਦਾ ਸੀ। ਉਹਨਾਂ ਨੇ ਕਿਹਾ ਕਿ ਅੱਜ ਮੈਂ ਇਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਅਜਿਹੇ ਮੌਕੇ ਬਹੁਤ ਘੱਟ ਮਿਲਦੇ ਹਨ, ਇਸ ਵਾਰ ਮੈਂ ਬਹੁਤ ਬੇਚੈਨ ਸੀ, ਮੈਂ ਦੱਖਣੀ ਅਫਰੀਕਾ 'ਚ ਸੀ ਪਰ ਮੇਰਾ ਮਨ ਤੁਹਾਡੇ ਨਾਲ ਸੀ। ਵਿਗਿਆਨੀਆਂ ਦੀ ਤਾਰੀਫ ਕਰਦੇ ਹੋਏ ਪੀਐਮ ਮੋਦੀ ਭਾਵੁਕ ਹੋ ਗਏ, ਉਨ੍ਹਾਂ ਦਾ ਗਲਾ ਭਰ ਗਿਆ।
ਬੈਂਗਲੁਰੂ 'ਚ ਵਿਗਿਆਨੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਚੰਦ 'ਤੇ ਹੈ, ਇਹ ਸਾਡੇ ਲਈ ਰਾਸ਼ਟਰੀ ਮਾਣ ਦੀ ਗੱਲ ਹੈ। 23 ਅਗਸਤ ਦਾ ਉਹ ਦਿਨ ਵਾਰ-ਵਾਰ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਹੈ, ਜਦੋਂ ਚੰਦਰਯਾਨ ਨੂੰ ਛੂਹਿਆ, ਉਹ ਪਲ ਅਮਰ ਹੋ ਗਿਆ, ਹਰ ਭਾਰਤੀ ਨੂੰ ਲੱਗਾ ਕਿ ਇਹ ਉਸ ਦੀ ਜਿੱਤ ਹੋਈ ਹੈ। ਹਰ ਹਿੰਦੁਸਤਾਨੀ ਨੂੰ ਇੰਝ ਲੱਗਾ ਜਿਵੇਂ ਉਹ ਆਪ ਕੋਈ ਵੱਡੀ ਪ੍ਰੀਖਿਆ ਪਾਸ ਕਰ ਗਿਆ ਹੋਵੇ। ਪੀਐਮ ਮੋਦੀ ਨੇ ਕਿਹਾ ਕਿ ਚੰਦਰਯਾਨ ਜਿੱਥੇ ਚੰਦਰਮਾ 'ਤੇ ਉਤਰਿਆ ਹੈ, ਉਸ ਨੂੰ ਸ਼ਿਵ ਸ਼ਕਤੀ ਵਜੋਂ ਜਾਣਿਆ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ ਚੰਦਰਮਾ 'ਤੇ ਉਹ ਜਗ੍ਹਾ ਜਿੱਥੇ ਚੰਦਰਯਾਨ-2 ਨੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇ ਹਨ, ਉਸ ਨੂੰ ਤਿਰੰਗਾ ਕਿਹਾ ਜਾਵੇਗਾ।
23 ਅਗਸਤ ਨੂੰ ਮਨਾਇਆ ਜਾਵੇਗਾ ਨੈਸ਼ਨਲ ਸਪੇਸ ਡੇਅ: ਪੀਐਮ ਮੋਦੀ ਨੇ ਕਿਹਾ ਕਿ ਪਹਿਲਾਂ ਭਾਰਤ ਨੂੰ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ। ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਤੀਜੀ ਕਤਾਰ ਤੋਂ ਪਹਿਲੀ ਕਤਾਰ ਤੱਕ ਦੇ ਇਸ ਸਫਰ ਵਿੱਚ ਇਸਰੋ ਦੀ ਭੂਮਿਕਾ ਬਹੁਤ ਵੱਡੀ ਹੈ। ਉਨ੍ਹਾਂ ਇੱਕ ਹੋਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ ਮਿਸ਼ਨ ਕੰਟਰੋਲ ਕੰਪਲੈਕਸ ਵਿੱਚ ਚੰਦਰਯਾਨ-3 ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸਰੋ ਟੈਲੀਮੈਟਰੀ ਟ੍ਰੈਕਿੰਗ ਐਂਡ ਕਮਾਂਡ ਨੈੱਟਵਰਕ (ISTRAC) ਦਾ ਵੀ ਦੌਰਾ ਕੀਤਾ।