ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 27 ਫਰਵਰੀ ਨੂੰ ਭਾਰਤ ਖਿਡੌਣੇ ਮੇਲੇ 2021 ਦਾ ਉਦਘਾਟਨ ਕਰਨਗੇ। ਪ੍ਰਧਾਨਮੰਤਰੀ ਦਫ਼ਤਰ (ਪੀ.ਐਮ.ਓ.) ਵੱਲੋਂ ਜਾਰੀ ਬਿਆਨ ਅਨੁਸਾਰ ਪੀਐਮ ਮੋਦੀ ਸਵੇਰੇ 11 ਵਜੇ ਵੀਡੀਓ ਕਾਨਫਰੰਸ ਜ਼ਰੀਏ ਮੇਲੇ ਦਾ ਉਦਘਾਟਨ ਕਰਨਗੇ। ਪੀਐਮਓ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਖਿਡੌਣੇ ਬੱਚਿਆਂ ਦੇ ਦਿਮਾਗ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ ਅਤੇ ਬੱਚਿਆਂ ਨੂੰ ਮਨੋਵਿਗਿਆਨਕ ਗਤੀਵਿਧੀ ਅਤੇ ਗਿਆਨ ਦੇ ਹੁਨਰ ਨੂੰ ਵਧਾਉਣ ਵਿੱਚ ਸਹਾਇਤਾ ਕਰਦੇ ਹਨ।
ਇਹ ਦੱਸਣਯੋਗ ਹੈ ਕਿ ਅਗਸਤ 2020 ਵਿੱਚ ਆਪਣੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡੌਣੇ ਨਾ ਸਿਰਫ ਕਾਰਜਕੁਸ਼ਲਤਾ ਨੂੰ ਵਧਾਉਂਦੇ ਹਨ, ਬਲਕਿ ਇੱਛਾਵਾਂ ਨੂੰ ਵੀ ਖੰਭ ਦਿੰਦੇ ਹਨ।
ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਖਿਡੌਣਿਆਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਪਹਿਲਾਂ ਭਾਰਤ ਵਿੱਚ ਖਿਡੌਣਿਆਂ ਦੇ ਉਤਪਾਦਨ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਹੈ।
ਇੰਡੀਆ ਖਿਡੌਣਾ ਮੇਲਾ 2021, 27 ਫ਼ਰਵਰੀ ਤੋਂ 2 ਮਾਰਚ ਤੱਕ ਹੋਵੇਗਾ। ਇਸ ਦਾ ਉਦੇਸ਼ ਸਾਰੇ ਹਿੱਸੇਦਾਰਾਂ ਸਮੇਤ ਖ਼ਰੀਦਦਾਰਾਂ, ਵਿਕਰੇਤਾਵਾਂ, ਵਿਦਿਆਰਥੀਆਂ, ਅਧਿਆਪਕਾਂ, ਡਿਜ਼ਾਈਨਰਾਂ ਆਦਿ ਨੂੰ ਇਕੋ ਪਲੇਟਫਾਰਮ 'ਤੇ ਲਿਆਉਣਾ ਹੈ, ਤਾਂ ਜੋ ਨਿਰੰਤਰ ਸਬੰਧ ਬਣਾਇਆ ਜਾ ਸਕੇ ਅਤੇ ਉਦਯੋਗ ਦੇ ਸਰਬਪੱਖੀ ਵਿਕਾਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।