ਪੁਣੇ (ਮਹਾਰਾਸ਼ਟਰ): ਪੁਣੇ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਨੂੰ ਇੱਕ ਈਮੇਲ ਮਿਲੀ ਹੈ ਜਿਸ ਵਿੱਚ "ਮੋਖਿਮ" ਨਾਮ ਦੇ ਇੱਕ ਵਿਅਕਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿਆਪੀ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਅਲੰਕਾਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਪੀ ਐੱਮ ਨੂੰ ਜਾਨ ਤੋਂ ਮਾਰਨ ਦੀ ਧਮਕੀ:ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਈ-ਮੇਲ ਰਾਹੀਂ ਵਿਦੇਸ਼ ਤੋਂ ਸੰਦੇਸ਼ ਭੇਜ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਈਮੇਲ ਵਿੱਚ ਕਿਹਾ ਗਿਆ ਹੈ ਕਿ ਭੇਜਣ ਵਾਲਾ ਕਈ ਅੱਤਵਾਦੀ ਸੰਗਠਨਾਂ ਵਿੱਚ ਨਿਵੇਸ਼ਕ ਹੈ ਅਤੇ ਦੇਸ਼ ਵਿੱਚੋਂ ਕੁਝ ਧਰਮਾਂ ਦੇ ਲੋਕਾਂ ਨੂੰ ਖਤਮ ਕਰਨ ਦੇ ਮਿਸ਼ਨ 'ਤੇ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਮੋਖਿਮ ਦੇ ਨਾਮ ਨਾਲ ਈਮੇਲ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੇ ਦੇਸ਼ ਵਿੱਚ ਕਈ ਥਾਵਾਂ 'ਤੇ ਬੰਬ ਧਮਾਕਿਆਂ ਰਾਹੀਂ ਕਈ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।