ਨਵੀਂ ਦਿੱਲੀ: ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਾਲ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਚਾਰ ਚੰਨ ਲੱਗ ਗਏ ਹਨ। ਇੱਕ ਸਲਾਹਕਾਰ ਏਜੰਸੀ ਨੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਲੀਡਰ ਮੰਨਿਆ ਹੈ।
ਇਹ ਗੱਲ ਅਪਰੂਵਲ ਰੇਟਿੰਗ ਏਜੰਸੀ ਦੇ ਇੱਕ ਸਰਵੇਖਣ ਵਿੱਚ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਨੇ ਦੁਨੀਆ ਦੇ ਕਈ ਲੀਡਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ, ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਨ ਸਮੇਤ ਕਈ ਲੀਡਰ ਪੀਐਮ ਮੋਦੀ ਤੋਂ ਕਾਫੀ ਪਿੱਛੇ ਹਨ।
ਮਿਲੀ ਜਾਣਕਾਰੀ ਮੁਤਾਬਕ ਗਲੋਬਲ ਲੀਡਰ ਟ੍ਰੈਕਰ 'ਚ ਪੀਐੱਮ ਮੋਦੀ ਨੂੰ ਸਭ ਤੋਂ ਜ਼ਿਆਦਾ 70 ਫੀਸਦੀ ਰੇਟਿੰਗ ਮਿਲੀ ਹੈ। ਸਰਵੇ 'ਚ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰਾਡੋਰ (66%) ਦੂਜੇ ਨੰਬਰ 'ਤੇ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ (58%) ਤੀਜੇ ਨੰਬਰ 'ਤੇ ਹਨ। ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ (54%) ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (44%) ਛੇਵੇਂ ਸਥਾਨ 'ਤੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 43 ਫੀਸਦੀ ਦੀ ਰੇਟਿੰਗ ਨਾਲ 7ਵੇਂ ਨੰਬਰ 'ਤੇ ਹਨ। ਦੱਖਣੀ ਕੋਰੀਆ ਦੇ ਲੀਡਰ ਮੂਨ ਜੇ-ਇਨ 9ਵੇਂ ਸਥਾਨ 'ਤੇ ਹਨ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਸੂਚੀ 'ਚ ਆਖਰੀ ਸਥਾਨ 'ਤੇ ਭਾਵ 10ਵੇਂ ਨੰਬਰ 'ਤੇ ਹਨ। ਵਣਜ ਮੰਤਰੀ ਅਤੇ ਖੁਰਾਕ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੂ ਐਪ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਹ ਰੇਟਿੰਗ ਮੌਰਨਿੰਗ ਕੰਸਲਟ ਪੋਲੀਟੀਕਲ ਇੰਟੈਲੀਜੈਂਸ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਈ ਹੈ। ਹਰ ਸਾਲ ਵਿਸ਼ਵ ਦੇ 13 ਲੀਡਰਾਂ ਦੀ ਮਾਰਨਿੰਗ ਕੰਸਲਟ ਦੁਆਰਾ ਰੇਟਿੰਗ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਆਸਟ੍ਰੇਲੀਆ, ਭਾਰਤ, ਬ੍ਰਾਜ਼ੀਲ, ਅਮਰੀਕਾ, ਯੂਕੇ, ਜਾਪਾਨ, ਇਟਲੀ, ਮੈਕਸੀਕੋ, ਸਪੇਨ, ਜਰਮਨੀ, ਫਰਾਂਸ ਅਤੇ ਕੈਨੇਡਾ ਸ਼ਾਮਲ ਹਨ।
ਸਰਵੇਖਣ ਦੇ ਤਹਿਤ ਏਜੰਸੀ ਹਰੇਕ ਦੇਸ਼ ਦੇ ਬਾਲਗਾਂ ਵਿੱਚ ਇੱਕ ਸਰਵੇਖਣ ਕਰਦੀ ਹੈ, ਜਿਸ ਦੇ ਅਧਾਰ 'ਤੇ ਸਬੰਧਤ ਲੀਡਰਾਂ ਦੀ ਪ੍ਰਸਿੱਧੀ ਰੇਟਿੰਗ ਜਾਰੀ ਕੀਤੀ ਜਾਂਦੀ ਹੈ। ਇਸ ਰੇਟਿੰਗ ਤੋਂ ਪਤਾ ਚੱਲਦੀ ਹੈ ਕਿ ਦੁਨੀਆ ਭਰ ਵਿੱਚ ਕਿਹੜੇ-ਕਿਹੜੇ ਲੀਡਰਾਂ ਦੀ ਲੋਕਪ੍ਰਿਅਤਾ ਕਿੰਨੀ ਹੈ। ਪਿਛਲੇ ਸਾਲ ਵੀ ਪੀਐਮ ਨਰਿੰਦਰ ਮੋਦੀ ਨੂੰ ਰੇਟਿੰਗ ਵਿੱਚ ਪਹਿਲਾ ਸਥਾਨ ਮਿਲਿਆ ਸੀ।