ਕਾਠਮੰਡੂ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਖੇਪ ਦੌਰੇ 'ਤੇ ਨੇਪਾਲ ਜਾਣਗੇ ਜਿੱਥੇ ਉਹ ਗੌਤਮ ਬੁੱਧ ਦੀ ਜਨਮ ਭੂਮੀ ਲੁੰਬੀਨੀ ਜਾਣਗੇ। ਇਸ ਤੋਂ ਇਲਾਵਾ ਉਹ ਆਪਣੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦੇਉਬਾ ਨਾਲ ਵਿਆਪਕ ਗੱਲਬਾਤ ਕਰਨਗੇ। ਗੱਲਬਾਤ ਦੌਰਾਨ ਪਣ-ਬਿਜਲੀ, ਵਿਕਾਸ ਅਤੇ ਕਨੈਕਟੀਵਿਟੀ ਵਰਗੇ ਕਈ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਚਰਚਾ ਕੀਤੀ ਜਾ ਸਕਦੀ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਦੇ ਪ੍ਰੈੱਸ ਸਲਾਹਕਾਰ ਅਨਿਲ ਪਰਿਆਰ ਮੁਤਾਬਕ ਮੋਦੀ ਦੇਉਬਾ ਦੇ ਸੱਦੇ ਉੱਤੇ ਹਿਮਾਲੀਅਨ ਦੇਸ਼ ਦਾ ਦੌਰਾ ਕਰਨਗੇ। ਉਹ ਆਪਣੇ ਇੱਕ ਰੋਜ਼ਾ ਦੌਰੇ ਦੌਰਾਨ ਬੁੱਧ ਪੂਰਨਿਮਾ ਦੇ ਮੌਕੇ 'ਤੇ ਲੁੰਬੀਨੀ ਦਾ ਦੌਰਾ ਕਰਨਗੇ। 2014 ਤੋਂ ਬਾਅਦ ਮੋਦੀ ਦੀ ਨੇਪਾਲ ਦੀ ਇਹ ਪੰਜਵੀਂ ਯਾਤਰਾ ਹੈ। ਭਾਰਤੀ ਦੂਤਾਵਾਸ ਦੇ ਸੂਤਰਾਂ ਅਨੁਸਾਰ ਉਹ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਲੁੰਬਨੀ ਪਹੁੰਚਣਗੇ ਅਤੇ ਸ਼ਾਮ 5 ਵਜੇ ਵਾਪਸ ਪਰਤਣਗੇ। ਮੋਦੀ ਮਾਇਆ ਦੇਵੀ ਦੇ ਮੰਦਰ 'ਚ ਜਾ ਕੇ ਪੂਜਾ ਵੀ ਕਰਨਗੇ। ਉਹ ਲੁੰਬੀਨੀ ਡਿਵੈਲਪਮੈਂਟ ਟਰੱਸਟ ਵੱਲੋਂ ਬੁੱਧ ਜੈਅੰਤੀ ਮੌਕੇ ਕਰਵਾਏ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਮੋਦੀ ਲੁੰਬੀਨੀ ਮੱਠ ਖੇਤਰ ਦੇ ਅੰਦਰ ਬੋਧੀ ਸੰਸਕ੍ਰਿਤੀ ਅਤੇ ਵਿਰਾਸਤ ਦੇ ਕੇਂਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਵਿੱਚ ਵੀ ਹਿੱਸਾ ਲੈਣਗੇ।
ਲੁੰਬਿਨੀ ਨੇਪਾਲ ਦੇ ਤਰਾਈ ਮੈਦਾਨਾਂ ਵਿੱਚ ਸਥਿਤ ਹੈ ਅਤੇ ਇਹ ਬੁੱਧ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਭਗਵਾਨ ਬੁੱਧ ਦਾ ਜਨਮ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਦੇਉਬਾ ਵਿਚਕਾਰ ਲੁੰਬੀਨੀ ਵਿੱਚ ਦੁਵੱਲੀ ਮੀਟਿੰਗ ਵੀ ਹੋਵੇਗੀ। ਵਿਦੇਸ਼ ਮੰਤਰਾਲੇ ਵੱਲੋਂ ਇੱਥੇ ਜਾਰੀ ਬਿਆਨ ਮੁਤਾਬਕ, "ਮੀਟਿੰਗ ਦੌਰਾਨ ਦੋਵੇਂ ਆਗੂ ਨੇਪਾਲ-ਭਾਰਤ ਸਹਿਯੋਗ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।" ਆਪਣੀ ਫੇਰੀ ਤੋਂ ਪਹਿਲਾਂ ਜਾਰੀ ਇੱਕ ਬਿਆਨ ਵਿੱਚ, ਮੋਦੀ ਨੇ ਕਿਹਾ ਕਿ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ ਪਿਛਲੇ ਮਹੀਨੇ ਦੇਉਬਾ ਦੀ ਭਾਰਤ ਫੇਰੀ ਦੌਰਾਨ ਹੋਈ “ਲਾਹੇਵੰਦ” ਵਿਚਾਰ-ਵਟਾਂਦਰੇ ਤੋਂ ਬਾਅਦ ਦੁਬਾਰਾ ਮਿਲਣ ਦੀ ਉਮੀਦ ਰੱਖਦੇ ਹਨ।