ਚੰਡੀਗੜ੍ਹ: ਟੋਕੀਓ ਓਲੰਪਿਕ ਦੇ ਪੁਰਸ਼ ਹਾਕੀ ਸੈਮੀਫਾਈਨਲ ਮੁਕਾਬਲੇ ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਹਰਾਇਆ। ਪਰ ਭਾਰਤ ਦੀ ਹਾਕੀ ਟੀਮ ਹਾਰ ਨਾਲ ਵੀ ਭਾਰਤ ਦੇ ਲੋਕਾਂ ਦਾ ਦਿਲ ਜਿੱਤ ਲਿਆ।
ਦੱਸ ਦਈਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੈਮੀਫਾਈਨਲ ਨੂੰ ਦੇਖਿਆ ਅਤੇ ਭਾਰਤੀ ਹਾਕੀ ਟੀਮ ’ਤੇ ਮਾਣ ਮਹਿਸੂਸ ਕੀਤਾ। ਟਵੀਟ ਰਾਹੀ ਉਨ੍ਹਾਂ ਨੇ ਕਿਹਾ ਕਿ ਹਾਰ ਜਿੱਤ ਜੀਵਨ ਦਾ ਇੱਕ ਹਿੱਸਾ ਹੈ। ਸਾਡੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਹੀ ਮਾਇਨੇ ਵੀ ਰੱਖਦਾ ਹੈ। ਟੀਮ ਨੂੰ ਅਗਲੇ ਮੈਚ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਦੇ ਲਈ ਸ਼ੁਭਕਾਮਨਾਵਾਂ। ਭਾਰਤ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ।
ਸੈਮੀਫਾਈਨਲ ਦੇ ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਪੂਰੇ ਟੁਰਨਾਮੈਂਟ ਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਗਲੇ ਮੈਚ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਦੂਜੇ ਪਾਸੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤੀ ਪੁਰਸ਼ ਹਾਕੀ ਟੀਮ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਸਾਡੇ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਨਤੀਜੇ ਦੇ ਬਾਵਜੁਦ ਵੀ ਆਪਣਾ ਸਿਰ ਉੱਚਾ ਰਖੋ ਅਤੇ ਬ੍ਰਾਂਜ ਮੈਡਲ ਦੇ ਲਈ ਸ਼ਾਨਦਾਰ ਖੇਡੋ। ਟੀਮ ਨੂੰ ਸ਼ੁਭਕਾਮਨਾਵਾਂ।