ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲ ਕੀਤੀ ਅਤੇ ਦੇਸ਼ ਵਿੱਚ ਜੰਗਲਾਂ ਦੀ ਭਿਆਨਕ ਅੱਗ ਅਤੇ ਸੋਕੇ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਦੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਦਫਤਰ (PMO) ਵੱਲੋਂ ਜਾਰੀ ਬਿਆਨ ਮੁਤਾਬਕ ਫੋਨ 'ਤੇ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਰੱਖਿਆ ਸਹਿਯੋਗ ਅਤੇ ਸਿਵਲ ਪਰਮਾਣੂ ਊਰਜਾ ਨਾਲ ਜੁੜੇ ਪ੍ਰਾਜੈਕਟਾਂ ਸਮੇਤ ਭਾਰਤ ਅਤੇ ਫਰਾਂਸ ਵਿਚਾਲੇ ਚੱਲ ਰਹੀਆਂ ਦੁਵੱਲੀਆਂ ਪਹਿਲਕਦਮੀਆਂ ਦੀ ਵੀ ਸਮੀਖਿਆ ਕੀਤੀ।
ਉਨ੍ਹਾਂ ਨੇ ਆਲਮੀ ਖੁਰਾਕ ਸੁਰੱਖਿਆ ਸਮੇਤ ਮਹੱਤਵਪੂਰਨ ਭੂ-ਰਾਜਨੀਤਿਕ ਚੁਣੌਤੀਆਂ 'ਤੇ ਵੀ ਚਰਚਾ ਕੀਤੀ। ਭਾਰਤ ਅਤੇ ਫਰਾਂਸ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦੇ ਮੱਦੇਨਜ਼ਰ ਵਿਸ਼ਵ ਖੁਰਾਕ ਸੁਰੱਖਿਆ ਚੁਣੌਤੀਆਂ ਨੂੰ ਲੈ ਕੇ ਚਿੰਤਾਵਾਂ ਜਤਾਉਂਦੇ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਕੀਤਾ ਕਿ ਅੱਜ ਮੇਰੇ ਦੋਸਤ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲ ਕੀਤੀ। ਫਰਾਂਸ ਵਿਚ ਭਿਆਨਕ ਅੱਗ ਦੀ ਘਟਨਾ ਪ੍ਰਤੀ ਭਾਰਤ ਦੀ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਅਤੇ ਆਲਮੀ ਅਤੇ ਖੇਤਰੀ ਮਹੱਤਵ ਦੇ ਹੋਰ ਮੁੱਦਿਆਂ ਬਾਰੇ ਚੱਲ ਰਹੇ ਦੁਵੱਲੇ ਸਹਿਯੋਗ 'ਤੇ ਚਰਚਾ ਕੀਤੀ।