ਨਵੀਂ ਦਿੱਲੀ :ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੌਰੇ ਉੱਤੇ ਹਨ ਪਰ ਉਨ੍ਹਾਂ ਨੂੰ ਦਿੱਲੀ ਦੀ ਚਿੰਤਾ ਖਾ ਰਹੀ ਹੈ। ਦਰਅਸਲ ਦਿੱਲੀ 'ਚ ਹੜ੍ਹਾਂ ਤੋਂ ਵੀ ਖਤਰਨਾਕ ਹਾਲਾਤ ਬਣੇ ਹੋਏ ਹਨ। ਇਹੀ ਮੋਦੀ ਦੀ ਚਿੰਤਾ ਦਾ ਕਾਰਣ ਹੈ। ਉਨ੍ਹਾਂ ਵੱਲੋਂ ਬਕਾਇਦਾ ਦਿੱਲੀ ਦੇ ਐੱਲਜੀ ਨੂੰ ਫੋਨ ਕਰਕੇ ਸਾਰੀ ਸਥਿਤੀ ਦੀ ਜਾਣਕਾਰੀ ਲਈ ਗਈ ਹੈ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ ਕਿ ਲੰਘੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਤੋਂ ਉਨ੍ਹਾਂ ਨਾਲ ਫੋਨ 'ਤੇ ਗੱਲ ਕੀਤੀ ਤੇ ਦਿੱਲੀ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਇਸ ਸਬੰਧੀ ਉਨ੍ਹਾਂ ਇਕ ਟਵੀਟ ਵੀ ਕੀਤਾ ਹੈ।
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਇੱਕ ਮੀਟਿੰਗ :ਇਸ ਸਬੰਧੀ ਦੱਸਦਿਆਂ ਐੱਲਜੀ ਸਕਸੈਨਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦਿੱਲੀ ਵਿੱਚ ਪਾਣੀ ਭਰਨ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਇਸ ਸਥਿਤੀ ਨਾਲ ਨਿਪਟਣ ਦੀ ਸਾਰੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਸਬੰਧੀ ਹਰ ਸੰਭਵ ਮਦਦ ਲੈ ਕੇ ਦਿੱਲੀ ਦੇ ਹਿੱਤ ਵਿੱਚ ਯੋਗ ਕਦਮ ਚੁੱਕਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਹੀ ਨਹੀਂ, ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਇੱਕ ਮੀਟਿੰਗ ਉਪ ਰਾਜਪਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਟ੍ਰੈਫਿਕ ਜਾਮ ਆਦਿ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਅਹਿਮ ਫੈਸਲੇ ਕੀਤੇ ਗਏ ਹਨ।