ਜੈਸਲਮੇਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੀ ਜੈਸਲਮੇਰ ਸਰਹੱਦ 'ਤੇ ਫ਼ੌਜੀ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਕੋਰੋਨਾ ਸੰਕਟ ਵਿੱਚ ਦਵਾਈ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਵਿਗਿਆਨੀਆਂ ਦੇ ਨਾਲ ਹੀ ਮਿਜ਼ਾਈਲਾਂ ਬਣਾਉਣ ਵਾਲੇ ਵਿਗਿਆਨੀਆਂ ਨੇ ਵੀ ਦੇਸ਼ ਦਾ ਧਿਆਨ ਖਿੱਚਿਆ ਹੈ। ਇਸ ਦੌਰਾਨ ਲਗਾਤਾਰ ਮਿਜ਼ਾਈਲਾਂ ਦੀ ਪਰਖ ਦੀਆਂ ਖ਼ਬਰਾਂ ਆਈਆਂ। ਤੁਸੀ ਕਲਪਨਾ ਕਰ ਸਕਦੇ ਹੋ ਕਿ ਲੰਘੇ ਕੁੱਝ ਮਹੀਨਿਆਂ ਵਿੱਚ ਹੀ ਦੇਸ਼ ਦੀ ਫ਼ੌਜੀ ਤਾਕਤ ਕਿੰਨੀ ਵੱਧ ਗਈ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਦੇ ਦਿਨ ਦਰਵਾਜ਼ੇ ਜਾਂ ਗੇਟ ਅੱਗੇ ਸ਼ੁਭ-ਲਾਭ ਜਾਂ ਰਿਧੀ-ਸਿੱਧੀ ਆਦਿ ਰੰਗੋਲੀ ਦੀ ਰਵਾਇਤ ਹੈ। ਇਸ ਪਿੱਛੇ ਇਹ ਸੋਚ ਹੁੰਦੀ ਹੈ ਕਿ ਦੀਵਾਲੀ ਮੌਕੇ ਘਰ ਵਿੱਚ ਵਾਧਾ ਹੋਵੇ ਅਤੇ ਸੁੱਖ ਸ਼ਾਂਤੀ ਆਵੇ। ਉਵੇਂ ਹੀ ਦੇਸ਼ ਦੀਆਂ ਸਰਹੱਦਾਂ ਇੱਕ ਤਰ੍ਹਾਂ ਨਾਲ ਦੇਸ਼ ਦਾ ਦਰਵਾਜ਼ਾ ਹੁੰਦੀਆਂ ਹਨ, ਜਿਸ ਦੌਰਾਨ ਦੇਸ਼ ਦਾ ਵਾਧਾ, ਸ਼ੁਭ-ਲਾਭ ਅਤੇ ਰਿੱਧੀ-ਸਿੱਧੀ ਤੁਹਾਡੇ (ਫ਼ੌਜ) ਨਾਲ ਹੈ।