ਨਵੀਂ ਦਿੱਲੀ/ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਹ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ 'ਚ ਵੀ ਹਿੱਸਾ ਲੈਣਗੇ। 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਨੂੰ ਯੋਗ ਦਿਵਸ ਨਾਲ ਜੋੜਦਿਆਂ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਕਿਹਾ ਕਿ 75 ਕੇਂਦਰੀ ਮੰਤਰੀਆਂ ਦੀ ਅਗਵਾਈ 'ਚ ਦੇਸ਼ ਭਰ 'ਚ 75 ਮਹੱਤਵਪੂਰਨ ਸਥਾਨਾਂ 'ਤੇ ਵਿਸ਼ਾਲ ਯੋਗਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ 'ਚ ਪੀਐੱਮ ਮੋਦੀ ਮੈਸੂਰ 'ਚ ਹੋਣ ਵਾਲੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਜਾਣਕਾਰ ਮੁਤਾਬਕ ਪੀਏ ਮੋਦੀ ਕਰਨਾਟਕ ਲਈ ਰਵਾਨਾ ਹੋ ਗਏ ਹਨ।
ਪੀਐਮਓ ਨੇ ਕਿਹਾ ਕਿ ਵੱਖ-ਵੱਖ ਵਿਦਿਅਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ, ਧਾਰਮਿਕ, ਕਾਰਪੋਰੇਟ ਅਤੇ ਹੋਰ ਸੰਸਥਾਵਾਂ ਦੁਆਰਾ ਯੋਗਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ ਅਤੇ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੋਦੀ ਦਾ ਯੋਗਾ ਪ੍ਰੋਗਰਾਮ 'ਗਾਰਡੀਅਨ ਯੋਗਾ ਰਿੰਗ' ਦਾ ਵੀ ਹਿੱਸਾ ਹੈ, ਜੋ ਕਿ 79 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਸੰਗਠਨਾਂ ਦੇ ਨਾਲ-ਨਾਲ ਵਿਦੇਸ਼ਾਂ 'ਚ ਭਾਰਤੀ ਮਿਸ਼ਨਾਂ ਦਾ ਸਾਂਝਾ ਅਭਿਆਸ ਹੈ। ਪੀਐਮਓ ਨੇ ਕਿਹਾ ਕਿ 2015 ਤੋਂ, ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਮਨਾਇਆ ਜਾਂਦਾ ਹੈ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਹੈ।
ਇਹ ਹੈ ਪੂਰਾ ਪ੍ਰੋਗਰਾਮ: ਪੀਐਮਓ ਨੇ ਕਿਹਾ ਕਿ ਮੋਦੀ ਸੋਮਵਾਰ ਨੂੰ 'ਸੈਂਟਰ ਫਾਰ ਬ੍ਰੇਨ ਰਿਸਰਚ' (ਸੀਬੀਆਰ) ਦਾ ਉਦਘਾਟਨ ਕਰਨਗੇ ਅਤੇ ਬੈਂਗਲੁਰੂ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸਸੀ) ਵਿੱਚ ਬਾਗਚੀ-ਪਾਰਥਾਸਾਰਥੀ ਮਲਟੀ-ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ। ਉਹ ਬੰਗਲੌਰ ਵਿਖੇ ਡਾ: ਬੀ. ਆਰ. ਅੰਬੇਡਕਰ ਸਕੂਲ ਆਫ ਇਕਨਾਮਿਕਸ (BASE) ਦਾ ਵੀ ਦੌਰਾ ਕਰਨਗੇ ਅਤੇ BASE ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਮੋਦੀ ਦੇਸ਼ ਨੂੰ 150 'ਟੈਕਨਾਲੋਜੀ ਹੱਬ' ਸਮਰਪਿਤ ਕਰਨਗੇ ਅਤੇ ਬਾਅਦ 'ਚ 27,000 ਕਰੋੜ ਰੁਪਏ ਤੋਂ ਵੱਧ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਮੈਸੂਰ ਵਿੱਚ ਮਹਾਰਾਜਾ ਕਾਲਜ ਗਰਾਊਂਡ ਵਿੱਚ ਇੱਕ ਜਨਤਕ ਸਮਾਗਮ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਨਾਗਨਹੱਲੀ ਰੇਲਵੇ ਸਟੇਸ਼ਨ ਉੱਤੇ ਕੋਚਿੰਗ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ। ਮੋਦੀ ਆਲ ਇੰਡੀਆ ਇੰਸਟੀਚਿਊਟ ਆਫ਼ ਸਪੀਚ ਹੀਅਰਿੰਗ (AIISH) ਵਿਖੇ 'ਸੈਂਟਰ ਆਫ਼ ਐਕਸੀਲੈਂਸ ਫਾਰ ਪਰਸਨਜ਼ ਵਿਦ ਕਮਿਊਨੀਕੇਸ਼ਨ ਡਿਸਆਰਡਰਜ਼' ਰਾਸ਼ਟਰ ਨੂੰ ਸਮਰਪਿਤ ਕਰਨਗੇ। ਪੀਐਮਓ ਨੇ ਕਿਹਾ ਕਿ ਉਹ ਸ੍ਰੀ ਸੂਤੁਰ ਮੱਠ ਅਤੇ ਸ੍ਰੀ ਚਾਮੁੰਡੇਸ਼ਵਰੀ ਮੰਦਰ ਵੀ ਜਾਣਗੇ।