ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਹੈ।
ਜਾਣਕਾਰੀ ਮੁਤਾਬਿਕ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ, ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ ਰਿਕਾਰਡ 107.24 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 113.12 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਹੁਣ ਡੀਜ਼ਲ 104 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ, ਜਦਕਿ ਰਾਸ਼ਟਰੀ ਦਿੱਲੀ 'ਚ ਡੀਜ਼ਲ ਦੀ ਕੀਮਤ 95.97 ਰੁਪਏ ਪ੍ਰਤੀ ਲੀਟਰ ਹੈ।
ਮੱਧ ਪ੍ਰਦੇਸ਼ ਦੇ ਬਾਲਾਘਾਟ ’ਚ ਪੈਟਰੋਲ 118 ਰੁਪਏ ਪ੍ਰਤੀ ਲੀਟਰ ਤੋਂ ਪਾਰ
ਮੱਧ ਪ੍ਰਦੇਸ਼ ਦੇ ਆਖ਼ਰੀ ਜ਼ਿਲ੍ਹੇ ਬਾਲਾਘਾਟ, ਜੋ ਕਿ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੀ ਸਰਹੱਦ ਨਾਲ ਲੱਗਦੇ ਹਨ, ਵਿੱਚ ਪੈਟਰੋਲ ਦੇ ਰੇਟਾਂ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਬਾਲਾਘਾਟ ਵਿੱਚ ਪੈਟਰੋਲ ਦੀ ਕੀਮਤ 118.25 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ ਦੀ ਕੀਮਤ 107.46 ਰੁਪਏ ਪ੍ਰਤੀ ਲੀਟਰ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲੱਗੀ ਅੱਗ ਕਾਰਨ ਜਨਤਾ ਪਰੇਸ਼ਾਨ ਹੈ।
ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਅੱਜ ਦੀ ਕੀਮਤ
ਸ਼ਹਿਰ ਦਾ ਨਾਂ | ਪੈਟਰੋਲ | ਡੀਜ਼ਲ |
ਦਿੱਲੀ | 107.24 | 95.97 |
ਮੁੰਬਈ | 113.12 | 104.00 |
ਕੋਲਕਾਤਾ | 107.78 | 99.08 |
ਚੇਨਈ | 104.27 | 100.25 |
ਅਕਤੂਬਰ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਰਿਕਰਡ ਤੋੜ ਵਾਧਾ
ਅਕਤੂਬਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਦੋਵਾਂ ਵਾਹਨਾਂ ਦੇ ਲਈ ਬਾਲਣ ਦੀਆਂ ਕੀਮਤਾਂ 'ਚ ਵਾਧੇ ਦਾ ਇਹ ਲਗਾਤਾਰ ਚੌਥਾ ਦਿਨ ਹੈ। ਦਰਅਸਲ, 18 ਅਤੇ 19 ਅਕਤੂਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ, ਜਦਕਿ ਇਸ ਤੋਂ ਪਹਿਲਾਂ ਲਗਾਤਾਰ ਚਾਰ ਦਿਨਾਂ ਤੱਕ ਕੀਮਤਾਂ ਵਿੱਚ ਪ੍ਰਤੀ ਦਿਨ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ।
ਜਿੱਥੇ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਛੂਹ ਚੁੱਕਿਆ ਹੈ, ਉੱਥੇ ਹੀ ਇੱਕ ਦਰਜਨ ਤੋਂ ਵੱਧ ਸੂਬਿਆਂ ਵਿੱਚ ਡੀਜ਼ਲ ਵੀ ਇਸ ਪੱਧਰ ਨੂੰ ਪਾਰ ਕਰ ਚੁੱਕਾ ਹੈ। ਸ੍ਰੀਨਗਰ ਤੋਂ ਲੈ ਕੇ ਚੇਨਈ ਤੱਕ ਕਈ ਸ਼ਹਿਰਾਂ ਵਿੱਚ ਡੀਜ਼ਲ ਦਾ ਸੈਂਕੜਾ 100 ਦਾ ਅੰਕੜਾ ਪਾਰ ਕਰ ਗਿਆ ਹੈ।
ਦੱਸ ਦਈਏ ਕਿ ਸਥਾਨਕ ਟੈਕਸਾਂ ਦੇ ਆਧਾਰ 'ਤੇ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਦੇ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਰੋਜ਼ਾਨਾ ਸਵੇਰੇ ਵੱਖ -ਵੱਖ ਸ਼ਹਿਰਾਂ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਨੂੰ ਅਪਡੇਟ ਕਰਦੀਆਂ ਹਨ।
SMS ਤੋਂ ਜਾਣੋ ਆਪਣੇ ਸ਼ਹਿਰ ਚ ਪ੍ਰਤੀ ਲੀਟਰ ਪੈਟਰੋਲ-ਡੀਜ਼ਲ ਦੀ ਕੀਮਤ
ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਿਰਫ ਇੱਕ ਐਸਐਮਐਸ ਦੁਆਰਾ ਜਾਣ ਸਕਦੇ ਹੋ। ਇਸਦੇ ਲਈ, ਇੰਡੀਅਨ ਆਇਲ (IOCL) ਦੇ ਗਾਹਕਾਂ ਨੂੰ ਆਰਐਸਪੀ ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ।
ਇਹ ਵੀ ਪੜੋ: ਬਠਿੰਡਾ ’ਚ ਫਾਰਮਾਸਿਊਟੀਕਲ ਪਾਰਕ ਬਣਨ ਨਾਲ ਸਮੁੱਚੇ ਦੇਸ਼ ਨੂੰ ਮਿਲੇਗਾ ਲਾਭ: ਮਨਪ੍ਰੀਤ ਬਾਦਲ