ਨਵੀਂ ਦਿੱਲੀ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਮਹੀਨੇ ਲਗਾਤਾਰ ਵਧ ਰਹੀਆਂ ਸਨ, ਪਰ ਕੇਂਦਰ ਸਰਕਾਰ ਨੇ ਈਂਧਨ 'ਤੇ ਕੇਂਦਰੀ ਐਕਸਾਈਜ਼ ਡਿਊਟੀ (Excise Duty Cut) 'ਚ ਕਟੌਤੀ ਕਰਕੇ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 10 ਰੁਪਏ ਦੀ ਕਟੌਤੀ ਦਰਜ ਕੀਤੀ ਗਈ ਹੈ।
ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 103.97 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 109.98 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਇਸ ਦੇ ਨਾਲ ਹੀ ਦਿੱਲੀ ਵਿੱਚ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ।
ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਮਹਾਨਗਰ | ਪੈਟਰੋਲ | ਡੀਜ਼ਲ |
ਦਿੱਲੀ | 103.97 | 86.67 |
ਮੁਬਈ | 109.98 | 94.14 |
ਕੋਲਕਾਤਾ | 104.67 | 89.79 |
ਚੇਨੱਈ | 101.40 | 91.43 |
ਯੂਪੀ 'ਚ ਪੈਟਰੋਲ ਤੇ ਡੀਜ਼ਲ 12 ਰੁਪਏ ਹੋਇਆ ਸਸਤਾ
ਚੋਣਾਵੀ ਰਾਜ ਉੱਤਰ ਪ੍ਰਦੇਸ਼ 'ਚ ਕੇਂਦਰ ਨੇ ਪੈਟਰੋਲ 'ਤੇ 5 ਰੁਪਏ ਦੀ ਕਟੌਤੀ ਕੀਤੀ ਹੈ ਤਾਂ ਯੋਗੀ ਸਰਕਾਰ ਨੇ 7 ਰੁਪਏ ਯਾਨੀ ਕੁੱਲ 12 ਰੁਪਏ ਦੀ ਕਟੌਤੀ ਕੀਤੀ ਹੈ। ਇਸੇ ਤਰ੍ਹਾਂ ਡੀਜ਼ਲ 'ਤੇ ਯੂਪੀ ਨੇ 2 ਰੁਪਏ ਦੀ ਕਟੌਤੀ ਕੀਤੀ ਹੈ ਜਦੋਂ ਕਿ ਕੇਂਦਰ ਨੇ 10 ਰੁਪਏ ਦੀ ਕਟੌਤੀ ਕੀਤੀ ਹੈ, ਨਤੀਜੇ ਵਜੋਂ ਡੀਜ਼ਲ 12 ਰੁਪਏ ਸਸਤਾ ਹੋ ਗਿਆ ਹੈ। ਇਸ ਨਾਲ ਆਮ ਆਦਮੀ ਨੂੰ ਕੀ ਫਰਕ ਪਵੇਗਾ, ਆਓ ਇਸ ਨੂੰ ਇਸ ਤਰ੍ਹਾਂ ਸਮਝੀਏ। ਯੂਪੀ ਵਿੱਚ ਪੈਟਰੋਲ ਅਤੇ ਡੀਜ਼ਲ 12 ਰੁਪਏ ਸਸਤਾ ਹੋ ਗਿਆ ਹੈ।
ਬੀਜੇਪੀ ਸ਼ਾਸਿਤ 9 ਰਾਜਾਂ ਵਿੱਚ ਪੈਟਰੋਲ ਹੋਇਆ ਸਸਤਾ
ਅਸਾਮ, ਤ੍ਰਿਪੁਰਾ, ਮਨੀਪੁਰ ਨੇ ਪੈਟਰੋਲ ਅਤੇ ਡੀਜ਼ਲ ਵਿੱਚ 7-7 ਰੁਪਏ ਦੀ ਕਟੌਤੀ ਕੀਤੀ, ਜਿਸ ਨਾਲ ਪੈਟਰੋਲ 12 ਰੁਪਏ ਅਤੇ ਡੀਜ਼ਲ 17 ਰੁਪਏ ਸਸਤਾ ਹੋ ਗਿਆ। ਗੁਜਰਾਤ, ਕਰਨਾਟਕ, ਗੋਆ ਨੇ ਵੀ ਇਹੀ ਰਾਹ ਅਪਣਾਇਆ। ਪੈਟਰੋਲ ਅਤੇ ਡੀਜ਼ਲ 'ਤੇ ਸੱਤ ਰੁਪਏ ਦੀ ਕਟੌਤੀ ਕਾਰਨ ਇੱਥੇ ਵੀ ਪੈਟਰੋਲ 12 ਰੁਪਏ ਅਤੇ ਡੀਜ਼ਲ 17 ਰੁਪਏ ਸਸਤਾ ਹੋ ਗਿਆ ਹੈ। ਪਰ ਉੱਤਰਾਖੰਡ ਸਰਕਾਰ ਨੇ ਪੈਟਰੋਲ 'ਤੇ ਵੈਟ 2 ਰੁਪਏ ਘਟਾ ਦਿੱਤਾ ਪਰ ਡੀਜ਼ਲ 'ਤੇ ਕੋਈ ਰਾਹਤ ਨਹੀਂ ਦਿੱਤੀ। ਇਸ ਕਾਰਨ ਪੈਟਰੋਲ 7 ਰੁਪਏ ਅਤੇ ਡੀਜ਼ਲ 10 ਰੁਪਏ ਸਸਤਾ ਹੋ ਗਿਆ ਹੈ। ਬਿਹਾਰ ਸਰਕਾਰ ਨੇ ਵੀ ਪੈਟਰੋਲ 'ਤੇ 1.30 ਪੈਸੇ ਜਦਕਿ ਡੀਜ਼ਲ 'ਤੇ 90 ਪੈਸੇ ਦੀ ਕਟੌਤੀ ਕੀਤੀ ਹੈ।