ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਛੇ ਸ਼ੱਕੀ ਅੱਤਵਾਦੀਆਂ ਵਿੱਚੋਂ ਚਾਰ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਚਾਰਾਂ ਸ਼ੱਕੀਆਂ ਨੂੰ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ।
ਜਿਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਅਦਾਲਤ ਨੇ 14 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਹੈ, ਉਨ੍ਹਾਂ ਵਿੱਚ ਜਾਨ ਮੁਹੰਮਦ ਸ਼ੇਖ, ਓਸਾਮਾ, ਮੂਲਚੰਦ ਅਤੇ ਮੁਹੰਮਦ ਅਬੂ ਬਕਰ ਸ਼ਾਮਲ ਹਨ। ਸਪੈਸ਼ਲ ਸੈੱਲ ਬਾਕੀ ਦੋ ਮੁਲਜ਼ਮਾਂ ਨੂੰ ਅੱਜ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕਰੇਗਾ।
ਦੱਸ ਦੇਈਏ ਕਿ 14 ਸਤੰਬਰ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਛੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਦੋ ਸ਼ੱਕੀ ਅੱਤਵਾਦੀ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਪਰਤੇ ਸਨ। ਇੰਨ੍ਹਾਂ ਦੇ ਨਿਸ਼ਾਨੇ 'ਤੇ ਦਿੱਲੀ ਸਮੇਤ ਕਈ ਸ਼ਹਿਰ ਸ਼ਾਮਲ ਸਨ। ਵਿਸ਼ੇਸ਼ ਸੈੱਲ ਅਨੁਸਾਰ ਇਨ੍ਹਾਂ ਸ਼ੱਕੀ ਵਿਅਕਤੀਆਂ ਨੇ ਅੰਡਰਵਰਲਡ ਤੋਂ ਪੈਸੇ ਲਏ ਸਨ।
ਜਿਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੁੰਬਈ ਵਸਨੀਕ ਜਾਨ ਮੁਹੰਮਦ ਸ਼ੇਖ ਉਰਫ ਸਮੀਰ ਕਾਲੀਆ ,ਦਿੱਲੀ ਦੇ ਜਾਮੀਆ ਨਗਰ ਦਾ ਓਸਾਮਾ ਉਰਫ ਸਾਮੀ, ਯੂਪੀ ਦੇ ਰਾਏਬਰੇਲੀ ਦਾ ਮੂਲਚੰਦ ਉਰਫ ਸਾਧੂ ਉਰਫ, ਯੂਪੀ ਦੇ ਪ੍ਰਯਾਗਰਾਜ ਦਾ ਜ਼ੀਸ਼ਾਨ ਕਮਰ, ਬਹਰਾਇਚ ਦੇ ਵਸਨੀਕ ਮੁਹੰਮਦ ਅਬੂ ਬਕਰ ਅਤੇ ਲਖਨਊ ਦੇ ਵਸਨੀਕ ਮੁਹੰਮਦ ਅਮੀਰ ਜਾਵੇਦ ਸ਼ਾਮਲ ਹਨ।
ਸਪੈਸ਼ਲ ਸੈੱਲ ਅਨੁਸਾਰ ਇਨ੍ਹਾਂ ਵਿੱਚੋਂ ਓਸਾਮਾ ਅਤੇ ਜ਼ੀਸ਼ਾਨ ਹਾਲ ਹੀ ਵਿੱਚ ਪਾਕਿਸਤਾਨ ਤੋਂ ਅੱਤਵਾਦੀ ਸਿਖਲਾਈ ਲੈ ਕੇ ਪਰਤੇ ਹਨ। ਉਨ੍ਹਾਂ ਨੂੰ ਮਸਕਟ ਰਾਹੀਂ ਪਾਕਿਸਤਾਨ ਲਿਜਾਇਆ ਗਿਆ ਸੀ। ਇਨ੍ਹਾਂ ਦੋਵਾਂ ਸ਼ੱਕੀ ਵਿਅਕਤੀਆਂ ਤੋਂ ਵਿਸਫੋਟਕ ਅਤੇ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਸਪੈਸ਼ਲ ਸੈੱਲ ਅਨੁਸਾਰ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਕਈ ਸ਼ਹਿਰਾਂ ਵਿੱਚ ਅੱਤਵਾਦੀ ਹਮਲਿਆਂ ਲਈ ਫੰਡਿੰਗ ਕੀਤੀ ਜਾ ਰਹੀ ਸੀ ਅਤੇ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਸਨ। ਇਨ੍ਹਾਂ ਦੇ ਨਿਸ਼ਾਨੇ 'ਤੇ ਬਹੁਤ ਸਾਰੇ ਹਿੰਦੂਤਵੀ ਲੀਡਰ ਸਨ। ਉਨ੍ਹਾਂ ਦੀ ਯੋਜਨਾ ਦਿੱਲੀ, ਯੂਪੀ, ਮਹਾਰਾਸ਼ਟਰ ਅਤੇ ਹੋਰ ਕਈ ਸੂਬਿਆਂ ਵਿੱਚ ਬੰਬ ਧਮਾਕੇ ਕਰਨ ਦੀ ਸੀ।
ਇਹ ਵੀ ਪੜ੍ਹੋ:ਦਿੱਲੀ 'ਚ 6 ਅੱਤਵਾਦੀ ਗ੍ਰਿਫ਼ਤਾਰ, ਇਹਨਾਂ ਸੂਬਿਆ ’ਚ ਧਮਕੇ ਕਰਨ ਦੀ ਰਚੀ ਸੀ ਸਾਜਿਸ਼