ਨਵੀਂ ਦਿੱਲੀ: ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਅਤੇ ਦਿੱਲੀ ਦੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਨੋਟਿਸ ਨੂੰ ਲੈ ਕੇ ਅੱਜ ਸੰਸਦ ਵਿੱਚ ਵਿਰੋਧੀ ਧਿਰ ਅਤੇ ਸਰਕਾਰ ਵਿਚਾਲੇ ਟਕਰਾਅ ਹੋਰ ਹੋਇਆ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ 'ਤੇ ਉਸ ਨੂੰ ਨਿਸ਼ਾਨਾ ਬਣਾਉਣ ਲਈ ਕਾਹਲੀ ਵਿਚ ਹੋਣ ਦਾ ਦੋਸ਼ ਲਗਾਇਆ ਹੈ। ਸੋਮਵਾਰ ਨੂੰ ਕਾਲੇ ਕੱਪੜੇ ਪਹਿਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਹੰਗਾਮਾ ਕੀਤਾ। ਬਾਅਦ 'ਚ ਉਨ੍ਹਾਂ ਨੇ ਸੰਸਦ ਕੰਪਲੈਕਸ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਵਿਜੇ ਚੌਂਕ ਤੱਕ ਰੋਸ ਮਾਰਚ ਕੱਢਿਆ ਅਤੇ ਨਾਅਰੇਬਾਜ਼ੀ ਕੀਤੀ।
ਰਾਹੁਲ ਗਾਂਧੀ ਨੂੰ ਡਰਾਉਣ, ਧਮਕਾਉਣ ਤੇ ਜ਼ਲੀਲ ਕਰਨ ਦੇ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਾ:ਰਾਹੁਲ ਗਾਂਧੀ ਲਈਦਿੱਲੀ ਦੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਨੋਟਿਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ, "ਉਹ ਰਾਹੁਲ ਗਾਂਧੀ ਨੂੰ ਕਮਜ਼ੋਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ, ਪਰ ਜੇਕਰ ਉਹ ਬੰਗਲਾ ਖਾਲੀ ਕਰ ਦਿੰਦਾ ਹੈ ਤਾਂ ਉਹ ਆਪਣੀ ਮਾਂ ਕੋਲ ਹੀ ਰਹਿਣਗੇ ਜਾਂ ਉਹ ਮੇਰੇ ਕੋਲ ਆ ਸਕਦੇ ਹਨ ਅਤੇ ਮੈਂ ਬੰਗਲਾ ਖਾਲੀ ਕਰ ਦੇਵਾਂਗਾ। ਮੈਂ ਉਨ੍ਹਾਂ ਨੂੰ ਡਰਾਉਣ, ਧਮਕਾਉਣ ਅਤੇ ਜ਼ਲੀਲ ਕਰਨ ਦੇ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਾ ਹਾਂ। ਇਹ ਤਰੀਕਾ ਨਹੀਂ ਹੈ। ਕਈ ਵਾਰ ਅਸੀਂ 3-4 ਮਹੀਨੇ ਬਿਨਾਂ ਬੰਗਲੇ ਦੇ ਰਹਿੰਦੇ ਹਾਂ। ਮੈਨੂੰ 6 ਮਹੀਨਿਆਂ ਬਾਅਦ ਬੰਗਲਾ ਮਿਲ ਗਿਆ। ਲੋਕ ਅਜਿਹਾ ਦੂਜਿਆਂ ਨੂੰ ਜ਼ਲੀਲ ਕਰਨ ਲਈ ਕਰਦੇ ਹਨ। ਮੈਂ ਅਜਿਹੇ ਰਵੱਈਏ ਦੀ ਨਿੰਦਾ ਕਰਦਾ ਹਾਂ।" ਕਾਂਗਰਸ ਪ੍ਰਧਾਨ ਅਤੇ LoP ਰਾਜ ਸਭਾ ਮਲਿਕਾਰਜੁਨ ਖੜਗੇ ਨੇ ਸੰਸਦ ਭਵਨ ਵਿੱਚ ਕਾਂਗਰਸ ਸੰਸਦੀ ਦਲ ਦੇ ਦਫ਼ਤਰ ਵਿੱਚ ਪਾਰਟੀ ਦੇ ਰਾਜ ਸਭਾ ਅਤੇ ਲੋਕ ਸਭਾ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ।
"ਨੀਵੇਂ ਪੱਧਰ ਦੀ ਰਾਜਨੀਤੀ" ਦਾ ਸਹਾਰਾ ਲੈ ਕਹੀ ਭਾਜਪਾ:ਸੱਤਾਧਾਰੀ ਭਾਜਪਾ ਨੇ ਸੋਮਵਾਰ ਨੂੰ ਸੰਸਦ ਵਿੱਚ ਵਿਰੋਧੀ ਧਿਰ ਦੁਆਰਾ ਕੀਤੇ ਗਏ ਹੰਗਾਮੇ ਦੀ ਨਿੰਦਾ ਕੀਤੀ ਅਤੇ ਕਾਂਗਰਸ ਉੱਤੇ ਓਬੀਸੀ ਭਾਈਚਾਰੇ ਦੇ ਖਿਲਾਫ ਪਾਰਟੀ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਜਾਇਜ਼ ਠਹਿਰਾਉਣ ਲਈ "ਨੀਵੇਂ ਪੱਧਰ ਦੀ ਰਾਜਨੀਤੀ" ਦਾ ਸਹਾਰਾ ਲੈਣ ਦਾ ਦੋਸ਼ ਲਗਾਇਆ। ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਕਾਂਗਰਸੀ ਸੰਸਦ ਮੈਂਬਰਾਂ ਦੇ ਵਿਵਹਾਰ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਾਲੇ ਕੱਪੜੇ ਪਾ ਕੇ ਸੰਸਦ ਵਿੱਚ ਪਹੁੰਚਣ ਅਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਕਰਨ ਦਾ ਕੋਈ ਆਧਾਰ ਨਹੀਂ ਹੈ।