ਨਵੀਂ ਦਿੱਲੀ: ਲੰਡਨ 'ਚ ਰਾਹੁਲ ਦੇ ਬਿਆਨਾਂ ਅਤੇ ਅਡਾਨੀ ਗਰੁੱਪ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਭਾਜਪਾ ਵਿਚਾਲੇ ਡੈੱਡਲਾਕ ਜਾਰੀ ਹੈ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਦਾ ਰਵੱਈਆ ਸਖ਼ਤ ਹੋ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਦੀ ਬੈਠਕ ਬੁਲਾਈ ਹੈ। ਇਹ ਮੀਟਿੰਗ ਮਲਿਕਾਰਜੁਨ ਖੜਗੇ ਦੇ ਦਫ਼ਤਰ ਵਿੱਚ ਹੋਈ। ਇਸ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਰਣਨੀਤੀ ਬਣਾਉਣ ਦੀ ਗੱਲ ਚੱਲ ਰਹੀ ਹੈ। ਅਜਿਹੇ 'ਚ ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ ਹੋਣ ਦੇ ਆਸਾਰ ਹਨ।
ਓਬੀਸੀ ਭਾਈਚਾਰੇ ਦਾ ਅਪਮਾਨ:ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਇਹ ਫੈਸਲਾ ਅਦਾਲਤ ਨੇ ਲਿਆ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਨੇ।" ਉਹ ਨਿਆਂਪਾਲਿਕਾ 'ਤੇ ਸਵਾਲ ਉਠਾ ਰਹੇ ਹਨ। ਰਾਹੁਲ ਗਾਂਧੀ ਨੇ ਓਬੀਸੀ ਭਾਈਚਾਰੇ ਦਾ ਅਪਮਾਨ ਕੀਤਾ ਹੈ ਅਤੇ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜਨਤਾ ਇਨ੍ਹਾਂ ਨੂੰ ਸਬਕ ਸਿਖਾਏਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰ ਸਰਕਾਰ ਦੇ ਵਿੱਤੀ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਅੱਜ ਵਿੱਤ ਬਿੱਲ 2023 ਪੇਸ਼ ਕਰੇਗੀ। ਇਹ ਗ੍ਰਾਂਟਾਂ ਦੀ ਮੰਗ ਨੂੰ ਸੰਸਦ ਵਿਚ ਪਾਸ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਲੋਕ ਸਭਾ ਨੇ 2023-24 ਲਈ ਲਗਭਗ 45 ਲੱਖ ਕਰੋੜ ਰੁਪਏ ਦੇ ਖਰਚੇ ਨੂੰ ਅਧਿਕਾਰਤ ਕਰਨ ਲਈ ਗ੍ਰਾਂਟਾਂ ਦੀ ਮੰਗ ਨੂੰ ਪਾਸ ਕੀਤਾ।