ਨਵੀਂ ਦਿੱਲੀ:ਸੰਸਦ ਦਾ ਬਜਟ ਸੈਸ਼ਨ (parliament budget session 2022) ਅੱਜ ਤੋਂ ਯਾਨੀ 31 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰ ਰਹੇ ਹਨ। ਇਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਸੇ ਦਿਨ ਸਾਲ 2021-22 ਦਾ ਆਰਥਿਕ ਸਰਵੇਖਣ ਪੇਸ਼ ਕਰੇਗੀ। ਵਿੱਤ ਮੰਤਰੀ 1 ਫਰਵਰੀ ਨੂੰ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕਰਨਗੇ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਭਾਰਤ ਸਭ ਤੋਂ ਵੱਧ ਟੀਕਿਆਂ ਵਾਲੇ ਦੇਸ਼ ਵਿੱਚ ਸ਼ਾਮਲ ਹੋ ਗਿਆ ਹੈ। ਹਰ ਘਰ ’ਚ ਦਸਤਕ ਮੁਹਿੰਮ ਨਾਲ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਆਈ ਹੈ। ਕੋਰੋਨਾ ਵੈਕਸੀਨ ਨਾਲ ਦੇਸ਼ ਨੂੰ ਕੋਰੋਨਾ ਹਥਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਫੌਰੀ ਚੁਣੌਤੀਆਂ ਤੱਕ ਸੀਮਤ ਨਾ ਰਹਿ ਕੇ ਦੂਰਗਾਮੀ ਉਦੇਸ਼ ਦੀ ਪੂਰਤੀ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਦੇਸ਼ ਵਿੱਚ ਸਿਹਤ ਸੇਵਾਵਾਂ ਆਮ ਆਦਮੀ ਤੱਕ ਪਹੁੰਚ ਰਹੀਆਂ ਹਨ। ਰਾਸ਼ਟਰਪਤੀ ਨੇ ਆਯੁਸ਼ਮਾਨ ਕਾਰਡ ਤੋਂ ਲੋਕਾਂ ਨੂੰ ਮਿਲ ਰਹੀ ਮਦਦ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ 8000 ਤੋਂ ਵੱਧ ਜਨ ਔਸ਼ਧੀ ਕੇਂਦਰਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਉਨ੍ਹਾਂ ਭਾਰਤੀ ਫਾਰਮਾ ਕੰਪਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਭਾਰਤ ਦੀਆਂ ਫਾਰਮਾ ਕੰਪਨੀਆਂ ਦੇ ਉਤਪਾਦ 180 ਸੈਕਟਰਾਂ ਤੱਕ ਪਹੁੰਚ ਰਹੇ ਹਨ। 2014 ਵਿੱਚ ਦੇਸ਼ 6600 ਕਰੋੜ ਰੁਪਏ ਦੇ ਫਾਰਮਾ ਉਤਪਾਦ ਨਿਰਯਾਤ ਕਰਦਾ ਸੀ, ਹੁਣ ਇਹ ਵਧ ਕੇ 11000 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੀਐਲਆਈ ਸਕੀਮ ਨਾਲ ਇਸ ਸੈਕਟਰ ਦਾ ਹੋਰ ਵਿਸਥਾਰ ਹੋਵੇਗਾ।
ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਅੰਤੋਦਿਆ ਅਤੇ ਪਦਮ ਪੁਰਸਕਾਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਨੀਅਤ ਅਨੁਸਾਰ ਬਰਾਬਰਤਾ ਤੇ ਭਾਈਚਾਰਕ ਸਾਂਝ ’ਤੇ ਆਧਾਰਤ ਲੋਕਤੰਤਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਭਾਵਨਾ ਪਦਮ ਪੁਰਸਕਾਰਾਂ ਦੀ ਚੋਣ ਤੋਂ ਝਲਕਦੀ ਹੈ। ਕੋਰੋਨਾ ਸੰਕਟ ਵਿੱਚ ਅਨਾਜ ਦੀ ਕਮੀ ਅਤੇ ਭੁੱਖਮਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਅੰਨ ਕਲਿਆਣ ਗਰੀਬ ਯੋਜਨਾ ਦੇ 80 ਕਰੋੜ ਲਾਭਪਾਤਰੀਆਂ ਨੂੰ ਮੁਫਤ ਅਨਾਜ ਦਿੱਤਾ ਗਿਆ। ਇਸ ਸਕੀਮ ਨੂੰ ਮਾਰਚ 2022 ਤੱਕ ਵਧਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ 2900 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਈ-ਸ਼ਰਮ ਪੋਰਟਲ ਨਾਲ 23 ਕਰੋੜ ਤੋਂ ਵੱਧ ਲੋਕ ਜੁੜ ਚੁੱਕੇ ਹਨ। ਜਨ ਧਨ ਆਧਾਰ ਮੋਬਾਈਲ ਦੇ ਕਾਰਨ 44 ਕਰੋੜ ਦੇ ਖਾਤੇ ਵਿੱਚ ਪੈਸੇ ਸੁਰੱਖਿਅਤ ਟਰਾਂਸਫਰ ਕੀਤੇ ਗਏ ਹਨ। ਦੇਸ਼ 'ਚ ਯੂਪੀਆਈ ਦੇ ਵਧਦੇ ਰੁਝਾਨ 'ਤੇ ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ 'ਚ 8 ਲੱਖ ਕਰੋੜ ਦਾ ਲੈਣ-ਦੇਣ ਯੂਪੀਆਈ ਰਾਹੀਂ ਹੋਇਆ ਸੀ।