ਚੰਡੀਗੜ੍ਹ: ਸਿੱਖਿਆ ਮੰਤਰੀ ਪਰਗਟ ਸਿੰਘ ਨੇ ਟਵੀਟ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਦਿੱਲੀ ਵਿੱਚ ਗੈਸਟ ਟੀਚਰਾਂ ਦਾ ਕੀ ਹਾਲ ਹੈ। ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਜੀ ਤੁਸੀਂ ਸੱਤ ਸਾਲ ਪਹਿਲਾਂ 22 ਹਜਾਰ ਗੈਸਟ ਟੀਚਰਾਂ ਨੂੰ ਪੱਕਾ ਕਰਨ ਲਈ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਤੇ ਉਸ ਵਾਅਦੇ ਦਾ ਕੀ ਹੋਇਆ। ਪਰਗਟ ਸਿੰਘ ਨੇ ਕੇਜਰੀਵਾਲ ਨੂੰ ਕਿਹਾ ਹੈ ਕਿ ਤੁਸੀਂ ਪੰਜਾਬ ਦੇ ਅਧਿਾਪਕਾਂ ਨੂੰ ਪੱਕਾ ਕਰਨ ਦੀ ਗੱਲ ਕਰ ਰਹੇ ਹੋ ਪਰ ਪਹਿਲਾਂ ਦਿੱਲੀ ਦੇ ਗੈਸਟ ਟੀਚਰਾਂ ਨੂੰ ਪੱਕਾ ਕਰ ਦਿਉ (Regularize Delhi Guest teachers first)।
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕੇਜਰੀਵਾਲ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਸੱਤ ਸਾਲਾਂ ਵਿੱਚ ਇੱਕ ਵੀ ਅਧਿਆਪਕ ਦਿੱਲੀ ਵਿੱਚ ਪੱਕਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸੱਤ ਸਾਲ ਪਹਿਲਾਂ ਪੱਕਾ ਕਰਨ ਦੀ ਗਰੰਟੀ ਦਿੱਤੀ ਸੀ, ਉਨ੍ਹਾਂ ਵਿੱਚੋਂ ਕੋਈ ਵੀ ਅਧਿਆਪਕ ਪੱਕਾ ਨਹੀਂ ਹੋਇਆ, ਲਿਹਾਜਾ ਤੁਹਾਡੀ ਗਰੰਟੀ ਜਾਅਲੀ (Your Guarantee is Fake) ਹੈ। ਸਿੱਖਿਆ ਮੰਤਰੀ ਨੇ ਕੇਜਰੀਵਾਲ ਨੂੰ ਇਸ ਮੁੱਦੇ ’ਤੇ ਬੁਰੀ ਤਰ੍ਹਾਂ ਘੇਰਿਆ ਹੈ।
ਪਰਗਟ ਸਿੰਘ ਨੇ ਦਿੱਲੀ ਦੇ ਅਧਿਆਪਕਾਂ ’ਤੇ ਕੇਜਰੀਵਾਲ ਨੂੰ ਘੇਰਿਆ ਪਰਗਟ ਸਿੰਘ ਨੇ ਆਪਣੇ ਟਵੀਟ ਨਾਲ ਆਲ ਇੰਡੀਆ ਗੈਸਟ ਟੀਚਰਸ ਐਸੋਸੀਏਸ਼ਨ ਏਆਈਜੀਟੀਏ ਵੱਲੋਂ ਕੀਤਾ ਟਵੀਟ ਵੀ ਸ਼ੇਅਰ ਕੀਤਾ ਹੈ। ਇਸ ਟਵੀਟ ਵਿੱਚ ਅਧਿਾਪਕ ਐਸੋਸੀਏਸ਼ਨ ਨੇ ਕੇਜਰੀਵਾਲ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਮਾਣਯੋਗ ਮੁੱਖ ਮੰਤਰੀ ਜੀ ਤੁਹਾਡੇ ਵਾਅਦੇ ਮੁਤਾਬਕ ਇਸ ਵਿੱਚੋਂ ਤੁਹਾਡੇ ਵੱਲੋਂ ਤੀਜੀ ਗਰੰਟੀ (ਗੈਸਟ ਟੀਚਰਾਂ ਨੂੰ ਪੱਕਾ ਕਰਨਾ) ਨੂੰ ਪੂਰਾ ਹੋਣ ਦਾ ਇੰਤਜਾਰ ਤੁਹਾਡੀ ਆਪਣੀ ਦਿੱਲੀ ਦੇ 22000 ਗੈਸਟ ਟੀਚਰ ਪਿਛਲੇ ਸੱਤ ਸਾਲਾਂ ਤੋਂ ਕਰ ਰਹੇ ਹਨ। ਪਹਿਲਾਂ ਸਾਨੂੰ ਸਾਰਿਆਂ ਨੂੰ ਤਾਂ ਪੱਕਾ ਕਰ ਦਿਓ, ਪੰਜਾਬ ਦੇ ਬਾਅਦ ਵਿੱਚ ਕਰ ਲੈਣਾ।
ਜਿਕਰਯੋਗ ਹੈ ਕਿ ਪੰਜਾਬ ਤੇ ਦਿੱਲੀ ਵਿੱਚਾਲੇ ਪਿਛਲੇ ਕੁਝ ਦਿਨਾਂ ਤੋਂ ਸਿੱਖਿਆ ਤੇ ਅਧਿਆਪਕਾਂ ਨੂੰ ਲੈ ਕੇ ਸ਼ਬਦੀ ਜੰਗ ਚੱਲ ਰਹੀ ਹੈ। ਵੀਰਵਾਰ ਨੂੰ ਜਿੱਥੇ ਕੇਜਰੀਵਾਲ ਨੇ ਪੰਜਾਬ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਗਰੰਟੀ ਦਿੱਤੀ, ਉਥੇ ਕੁਝ ਦਿਨ ਪਹਿਲਾਂ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਪਰਗਟ ਸਿੰਘ ਨੇ ਦਿੱਲੀ ਦੇ ਗੈਸਟ ਟੀਚਰਾਂ ਨੂੰ ਪੱਕਾ ਨਾ ਕਰਨ ’ਤੇ ਕੇਜਰੀਵਾਲ ਨੂੰ ਬੁਰੇ ਤਰੀਕੇ ਨਾਲ ਘੇਰਾ ਪਾਇਆ ਹੈ।
ਇਹ ਵੀ ਪੜ੍ਹੋ:ਐਸਪੀਐਸ ਓਬਰਾਏ ਪੰਜਾਬ ਸਰਕਾਰ ਦੇ ਸਲਾਹਕਾਰ ਨਿਯੁਕਤ