ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਅੱਜ ਨੈਸ਼ਨਲ ਅਸੈਂਬਲੀ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਵਿਵਾਦਤ ਢੰਗ ਨਾਲ ਰੱਦ ਕਰਨ ਦੇ ਮਾਮਲੇ ਵਿੱਚ ਅਹਿਮ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਮਰਾਨ ਖਾਨ ਦੀ ਸਰਕਾਰ ਨੂੰ ਡੇਗਣ ਦੀ ਕਥਿਤ 'ਵਿਦੇਸ਼ੀ ਸਾਜ਼ਿਸ਼' ਬਾਰੇ ਹੋਰ ਜਾਣਨ ਲਈ ਸਰਕਾਰ ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੇ ਵੇਰਵੇ ਮੰਗੇ ਹਨ।
ਧਿਆਨ ਯੋਗ ਹੈ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਐਤਵਾਰ ਨੂੰ ਬੇਭਰੋਸਗੀ ਮਤੇ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਸਰਕਾਰ ਨੂੰ ਡੇਗਣ ਦੀ ਅਖੌਤੀ ਵਿਦੇਸ਼ੀ ਸਾਜ਼ਿਸ਼ ਨਾਲ ਜੁੜਿਆ ਹੋਇਆ ਸੀ। ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਲਾਹ 'ਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ।
ਪਾਕਿ ਸੁਪਰੀਮ ਕੋਰਟ ਨੇ ਉਸੇ ਦਿਨ ਇਸ ਘਟਨਾਕ੍ਰਮ ਦਾ ਖੁਦ ਨੋਟਿਸ ਲਿਆ ਅਤੇ ਸੋਮਵਾਰ ਨੂੰ ਪੰਜ ਮੈਂਬਰੀ ਬੈਂਚ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ। ਬੈਂਚ ਦੀ ਅਗਵਾਈ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਕਰ ਰਹੇ ਹਨ ਅਤੇ ਇਸ ਵਿੱਚ ਜਸਟਿਸ ਇਜਾਜ਼ੁਲ ਅਹਿਸਾਨ, ਜਸਟਿਸ ਮੁਹੰਮਦ ਅਲੀ ਮਜ਼ਹਰ, ਜਸਟਿਸ ਮੁਨੀਬ ਅਖਤਰ ਅਤੇ ਜਸਟਿਸ ਜਮਾਲ ਖਾਨ ਮੰਡੋਖਿਲ ਸ਼ਾਮਲ ਹਨ।
ਸੁਣਵਾਈ ਦੇ ਤੀਜੇ ਦਿਨ ਬੁੱਧਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੀ ਤਰਫੋਂ ਬਾਬਰ ਅਵਾਨ ਪੇਸ਼ ਹੋਏ, ਜਦੋਂ ਕਿ ਰਾਸ਼ਟਰਪਤੀ ਅਲਵੀ ਦੀ ਨੁਮਾਇੰਦਗੀ ਅਲੀ ਜ਼ਫਰ ਨੇ ਕੀਤੀ। ਚੀਫ਼ ਜਸਟਿਸ ਬੰਦਿਆਲ ਨੇ ਅਵਾਨ ਨੂੰ ਪੀਟੀਆਈ ਦੀ ਅਗਵਾਈ ਵਾਲੀ ਸਰਕਾਰ ਨੂੰ ਡੇਗਣ ਲਈ ਕਥਿਤ ਤੌਰ 'ਤੇ 'ਵਿਦੇਸ਼ੀ ਸਾਜ਼ਿਸ਼' ਦੇ ਸਬੂਤ ਦਿਖਾਉਣ ਵਾਲੇ ਇੱਕ ਪੱਤਰ 'ਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਦੇ 'ਮਿੰਟ' (ਵੇਰਵੇ) ਬਾਰੇ ਚਰਚਾ ਕੀਤੀ ਸੀ।