ਹੈਦਰਾਬਾਦ:ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸੋਮਵਾਰ ਨੂੰ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਜ਼ਾਦੀ ਦਿਹਾੜੇ ਦੇ ਭਾਸ਼ਣ 'ਚ ਹਰਿਆਣਾ ਦੇ ਨੂਹ 'ਚ ਭੰਨਤੋੜ ਅਤੇ ਕਥਿਤ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦੀ ਨਿੰਦਾ ਕਰਨਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਮੁਸਲਮਾਨਾਂ ਖ਼ਿਲਾਫ਼ ਬੁਲਡੋਜ਼ਰ ਵਰਤੇ ਜਾ ਰਹੇ ਹਨ, ਦੂਜੇ ਪਾਸੇ ਦਿੱਲੀ ਵਿੱਚ ਉਨ੍ਹਾਂ ਦੇ ਘਰ ’ਤੇ ਵੀ ਹਮਲਾ ਕੀਤਾ ਗਿਆ ਹੈ।
ਭਾਈਚਾਰੇ ਨੂੰ ਸਮੂਹਿਕ ਸਜ਼ਾ:ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਕਿਹਾ, 'ਪ੍ਰਧਾਨ ਮੰਤਰੀ ਨੂੰ ਨੂਹ 'ਚ ਭੰਨਤੋੜ ਦੀ ਨਿੰਦਾ ਕਰਨੀ ਚਾਹੀਦੀ ਹੈ। ਜੇਕਰ ਪ੍ਰਧਾਨ ਮੰਤਰੀ ਨੂੰ ਭਾਰਤੀ ਮੁਸਲਮਾਨਾਂ ਲਈ ਥੋੜ੍ਹਾ ਵੀ ਪਿਆਰ ਹੈ, ਤਾਂ ਮੈਂ ਉਮੀਦ ਕਰਦਾ ਹਾਂ ਕਿ ਉਹ ਕੱਲ੍ਹ ਨੂੰ ਲਾਲ ਕਿਲ੍ਹੇ ਤੋਂ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦੀ ਨਿੰਦਾ ਕਰਨਗੇ। ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਕਿਸੇ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਹਿੰਸਾ ਹੋ ਰਹੀ ਹੈ, ਚਾਹੇ ਉਹ ਨੂਹ ਦੀ ਹਿੰਸਾ ਹੋਵੇ, ਪ੍ਰਧਾਨ ਮੰਤਰੀ ਇਸ ਦੀ ਨਿੰਦਾ ਕਰਨਗੇ। ਉਨ੍ਹਾਂ ਕਿਹਾ ਕਿ ਭੰਨਤੋੜ ਦੀ ਕਾਰਵਾਈ ਰਾਹੀਂ ਇੱਕ ਭਾਈਚਾਰੇ ਨੂੰ ‘ਸਮੂਹਿਕ ਤੌਰ ’ਤੇ ਸਜ਼ਾ ਦਿੱਤੀ ਗਈ ਸੀ। ਓਵੈਸੀ ਨੇ ਕਿਹਾ, 'ਅਸੀਂ ਹਿੰਸਾ ਦੀ ਨਿੰਦਾ ਕਰਦੇ ਹਾਂ ਪਰ ਤੁਸੀਂ ਇਕ ਭਾਈਚਾਰੇ ਨੂੰ ਸਮੂਹਿਕ ਸਜ਼ਾ ਦੇ ਰਹੇ ਹੋ।'
ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦਾ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਕਿੱਥੇ ਗਿਆ ਹੈ। ਵੱਖ-ਵੱਖ ਸੂਬਿਆਂ ਵਿੱਚ ਚਲਾਏ ਗਏ ਬਲੁਡੋਜ਼ਰ ਦੀ ਮੁਹਿੰਮ ਦਾ ਹਵਾਲਾ ਦਿੰਦੇ ਹੋਏ, ਏਆਈਐਮਆਈਐਮ ਮੁਖੀ ਨੇ ਕਿਹਾ ਕਿ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਬੁਲਡੋਜ਼ਰਾਂ ਦੀ ਵਰਤੋਂ ਕੀਤੀ ਗਈ ਸੀ। ਉਸ ਨੇ ਪੁੱਛਿਆ, 'ਕੀ ਇਸ ਦੇਸ਼ ਵਿੱਚ ਕੋਈ ਅਦਾਲਤ ਜਾਂ ਕਾਨੂੰਨ ਨਹੀਂ ਹੈ? ਕੀ ਬਣਦੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ ਜਾਂ ਨਹੀਂ?'
ਘਰਾਂ ਉੱਤੇ ਸੁੱਟੇ ਜਾਂਦੇ ਨੇ ਪੱਥਰ: ਉਨ੍ਹਾਂ ਯਾਦ ਦਿਵਾਇਆ ਕਿ ਇਹ ਜਹਾਂਗੀਰਪੁਰੀ ਕੇਸ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਕਾਨੂੰਨ ਦੀ ਬਣਦੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਸਥਿਤ ਉਨ੍ਹਾਂ ਦੇ ਘਰ 'ਤੇ ਕਥਿਤ ਹਮਲੇ ਬਾਰੇ ਪੁੱਛੇ ਜਾਣ 'ਤੇ ਓਵੈਸੀ ਨੇ ਕਿਹਾ, ''ਨੂਹ 'ਚ ਮੁਸਲਮਾਨਾਂ ਦੇ ਘਰਾਂ ਨੂੰ ਢਾਹੁਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ ਸੀ ਅਤੇ ਸ਼ਾਇਦ ਅਸੀਂ ਆਪਣੇ ਘਰ 'ਤੇ ਵੀ ਬੁਲਡੋਜ਼ਰ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ.. ਜਦੋਂ ਵੀ ਮੈਂ ਸੰਸਦ 'ਚ ਅਹਿਮ ਭਾਸ਼ਣ ਦਿੰਦਾ ਹਾਂ। ਇਹ ਲੋਕ ਪੱਥਰ ਸੁੱਟਦੇ ਹਨ। ਮੈਂ ਚਾਰ ਵਾਰ ਦਾ ਸੰਸਦ ਮੈਂਬਰ ਹਾਂ ਅਤੇ ਮੇਰੇ ਘਰ 'ਤੇ ਪੱਥਰ ਸੁੱਟੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਭਰਿਆ ਐਸਐਮਐਸ ਵੀ ਮਿਲਿਆ ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।