ਚੰਡੀਗੜ੍ਹ/ਨਵੀਂ ਦਿੱਲੀ: ਪੋਹ ਦਾ ਮਹੀਨਾ ਚੱਲ ਰਿਹਾ ਹੈ ਤੇ ਸਰਦੀ ਅਤੇ ਧੁੰਦ ਆਪਣਾ ਕਹਿਰ ਦਿਖਾ ਰਹੇ ਹਨ। ਉਧਰ ਪੰਜਾਬ ਸਣੇ ਦਿੱਲੀ-ਐਨਸੀਆਰ ਵਿੱਚ ਬੁੱਧਵਾਰ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ-ਐਨਸੀਆਰ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ 'ਚ ਪੱਛਮੀ ਗੜਬੜੀ ਦਸਤਕ ਦੇ ਸਕਦੀ ਹੈ। ਦਿੱਲੀ 'ਚ ਦੋ ਦਿਨ ਹੋਰ ਧੁੰਦ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਣਗੀਆਂ। ਇਸ ਸੀਜ਼ਨ ਵਿੱਚ ਪਹਿਲੀ ਵਾਰ ਬੁੱਧਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਜ਼ੀਰੋ ਵਿਜ਼ੀਬਿਲਟੀ ਦੇਖੀ ਗਈ। ਸੜਕਾਂ 'ਤੇ ਵਾਹਨ ਮੱਧਮ ਚਾਲ 'ਚ ਅੱਗੇ ਵੱਧ ਰਹੇ ਹਨ। ਠੰਡ ਵੀ ਆਪਣਾ ਅਸਰ ਦਿਖਾ ਰਹੀ ਹੈ।
ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ੍ਹ ਦੀ ਤਰ੍ਹਾਂ ਅੱਜ ਵੀ ਧੁੰਦ ਆਪਣਾ ਰੂਪ ਦਿਖਾ ਰਹੀ ਹੈ। ਦਿਨ ਸਮੇਂ ਹੀ ਵਾਹਨਾਂ ਦੀਆਂ ਲਾਈਟਾਂ ਚੱਲ ਪਈਆਂ ਹਨ ਤੇ ਉਨ੍ਹਾਂ ਦੀ ਰਫ਼ਤਾਰ ਮੱਧਮ ਪੈ ਗਈ ਹੈ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਉਥੇ ਹੀ ਬੀਤੇ ਦਿਨੀਂ ਕੁਝ ਹਵਾਈ ਉਡਾਣਾਂ ਵੀ ਰੱਦ ਹੋਈਆਂ ਸੀ ਤੇ ਕੁਝ ਦਾ ਸਮਾਂ ਬਦਲਿਆ ਗਿਆ ਸੀ।
ਉਧਰ ਦਿੱਲੀ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਹੋ ਸਕਦਾ ਹੈ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਵਿੱਚ ਨਮੀ ਦਾ ਪੱਧਰ 95 ਫੀਸਦੀ ਰਹਿ ਸਕਦਾ ਹੈ। 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਸਵੇਰ ਦਾ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦੋਂ ਕਿ ਦਿੱਲੀ ਐਨਸੀਆਰ ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਫਰੀਦਾਬਾਦ ਵਿੱਚ 9 ਡਿਗਰੀ, ਗੁਰੂਗ੍ਰਾਮ ਵਿੱਚ 10 ਡਿਗਰੀ, ਗਾਜ਼ੀਆਬਾਦ ਵਿੱਚ 8 ਡਿਗਰੀ, ਨੋਇਡਾ ਵਿੱਚ 9 ਡਿਗਰੀ ਅਤੇ ਗ੍ਰੇਟਰ ਨੋਇਡਾ ਵਿੱਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਰਿਹਾ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ।