ਚੰਡੀਗੜ੍ਹ:ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ INDIA ਗੱਠਜੋੜ ਹੁਣ ਟੀਵੀ ਸ਼ੋਅ ਅਤੇ ਨਿਊਜ਼ ਐਂਕਰਾਂ ਦਾ ਬਾਈਕਾਟ ਕਰਨ ਦੀ ਤਿਆਰੀ ਕਰ ਲਈ ਹੈ। ਜਿਸ ਸਬੰਧੀ ਕਾਂਗਰਸੀ ਲੀਡਰ ਅਤੇ ਮੀਡੀਆ ਐਂਡ ਪਬਲੀਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਨਿਊਜ਼ ਐਂਕਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਸ਼ੋਅ ਵਿੱਚ ਬੁਲਾਰੇ ਨਹੀਂ ਭੇਜੇ ਜਾਣਗੇ। ਇਸ ਸੂਚੀ ਵਿੱਚ ਸੁਧੀਰ ਚੌਧਰੀ, ਚਿੱਤਰਾ ਤ੍ਰਿਪਾਠੀ ਸਣੇ 14 ਦਿੱਗਜ ਪੱਤਰਕਾਰਾਂ ਦੇ ਨਾਂਅ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਫੈਸਲਾ INDIA ਗੱਠਜੋੜ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਹੋਈ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਦੌਰਾਨ ਲਿਆ ਹੈ।
ਇੰਨ੍ਹਾਂ 14 ਐਂਕਰਾਂ ਦੇ ਨਾਮ ਸ਼ਾਮਲ: ਕਾਂਗਰਸ ਲੀਡਰ ਨੇ ਟਵਿੱਟਰ 'ਤੇ ਪੋਸਟ ਕੀਤਾ, “ਇੰਡੀਆ ਮੀਡੀਆ ਕਮੇਟੀ ਦੁਆਰਾ ਅੱਜ ਦੁਪਹਿਰ ਹੋਈ ਇੱਕ ਵਰਚੁਅਲ ਮੀਟਿੰਗ ਵਿੱਚ ਹੇਠਾਂ ਦਿੱਤਾ ਫੈਸਲਾ ਲਿਆ ਗਿਆ ਹੈ। ਇੰਡੀਆ ਪਾਰਟੀ ਦੀ ਟੀਮ 14 ਨਿਊਜ਼ ਐਂਕਰਾਂ ਦੇ ਸ਼ੋਅ ਅਤੇ ਇਵੈਂਟਸ ਵਿੱਚ ਆਪਣੇ ਪ੍ਰਤੀਨਿਧ ਨਹੀਂ ਭੇਜੇਗੀ। ਇਸ ਲਿਸਟ ਵਿੱਚ ਅਦਿਤੀ ਤਿਆਗੀ, ਅਮਨ ਚੋਪੜਾ, ਅਮੀਸ਼ ਦੇਵਗਨ, ਆਨੰਦ ਨਰਸਿਮਹਨ, ਅਰਨਬ ਗੋਸਵਾਮੀ, ਅਸ਼ੋਕ ਸ਼੍ਰੀਵਾਸਤਵ, ਚਿਤਰਾ ਤ੍ਰਿਪਾਠੀ, ਗੌਰਵ ਸਾਵੰਤ, ਨਵਿਕਾ ਕੁਮਾਰ, ਪ੍ਰਾਚੀ ਪਰਾਸ਼ਰ, ਰੁਬੀਕਾ ਲਿਆਕਤ, ਸ਼ਿਵ ਅਰੂਰ, ਸੁਧੀਰ ਚੌਧਰੀ ਅਤੇ ਸੁਸ਼ਾਂਤ ਸਿਨਹਾ ਦੇ ਨਾਂਅ ਸ਼ਾਮਿਲ ਹਨ।
ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਲਾਏ ਸੀ ਇਲਜ਼ਾਮ: ਕਾਬਿਲੇਗੌਰ ਹੈ ਕਿ ਵਿਰੋਧੀ ਧਿਰ ਟੀਵੀ ਮੀਡੀਆ 'ਤੇ ਲੰਬੇ ਸਮੇਂ ਤੋਂ ਹਿੰਦੂ-ਮੁਸਲਮਾਨ ਕਰਨ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਜ਼ਿਆਦਾ ਕਵਰੇਜ ਨਾ ਦੇਣ ਦਾ ਦੋਸ਼ ਲਾਉਂਦੀ ਆ ਰਹੀ ਹੈ। 'ਭਾਰਤ ਜੋੜੋ ਯਾਤਰਾ' ਦੌਰਾਨ ਵੀ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਮੇਰਾ ਦੋਸ਼ ਹੈ ਕਿ ਸੰਪਾਦਕਾਂ ਨੇ ਯਾਤਰਾ ਦਾ ਬਾਈਕਾਟ ਕੀਤਾ। ਯਾਤਰਾ ਨੂੰ ਲੋਕਾਂ ਦਾ ਸਮਰਥਨ ਮਿਲਿਆ, ਪਰ ਮੁੱਖ ਧਾਰਾ ਮੀਡੀਆ ਦੁਆਰਾ ਇਸਦਾ ਬਾਈਕਾਟ ਕੀਤਾ ਗਿਆ। ਕੀ ਤੁਸੀਂ ਇੰਨੀ ਵੱਡੀ ਮੁਹਿੰਮ ਨਹੀਂ ਦਿਖਾਓਗੇ? ਇਸ ਤੋਂ ਪਹਿਲਾਂ ਸਾਲ 2019 ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਕਾਂਗਰਸ ਨੇ ਇੱਕ ਮਹੀਨੇ ਤੱਕ ਟੀਵੀ ਚੈਨਲਾਂ ਦਾ ਬਾਈਕਾਟ ਕੀਤਾ ਸੀ ਅਤੇ ਆਪਣੇ ਬੁਲਾਰੇ ਨਹੀਂ ਭੇਜੇ ਸੀ। ਜਿਸ ਸਬੰਧੀ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਉਦੋਂ ਦੱਸਿਆ ਸੀ ਕਿ ਕਾਂਗਰਸ ਨੇ ਇਕ ਮਹੀਨੇ ਤੱਕ ਟੀਵੀ ਬਹਿਸਾਂ ਲਈ ਆਪਣੇ ਬੁਲਾਰੇ ਨਾ ਭੇਜਣ ਦਾ ਫੈਸਲਾ ਕੀਤਾ ਹੈ।
ਵਿਧਾਨ ਸਭਾ ਚੋਣਾਂ 'ਚ ਇਕੱਠੇ ਲੜਨ ਦੀ ਯੋਜਨਾ: ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ‘ਚ ਵੀ ਗੱਠਜੋੜ ਦੇ ਨਾਲ-ਨਾਲ ਖ਼ਬਰ ਹੈ ਕਿ ਵਿਰੋਧੀ ਗਰੁੱਪ INDIA ਲੋਕ ਸਭਾ ਚੋਣਾਂ ਤੋਂ ਪਹਿਲਾਂ 4 ਸੂਬਿਆਂ ਦੇ ਸਿਆਸੀ ਮੈਦਾਨ ‘ਚ ਇਕੱਠੇ ਹੋਣ ‘ਤੇ ਵਿਚਾਰ ਕਰ ਰਿਹਾ ਹੈ । ਹਾਲਾਂਕਿ ਇਸ ਬਾਰੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਸਾਲ ਦੇ ਅੰਤ ਤੱਕ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ ‘ਚ ਚੋਣਾਂ ਹੋਣੀਆਂ ਹਨ। ਸਮਾਜਵਾਦੀ ਪਾਰਟੀ ਮੱਧ ਪ੍ਰਦੇਸ਼ ਦੀਆਂ ਕੁਝ ਸੀਟਾਂ ‘ਤੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।