ਕੋਲਕਾਤਾ:ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਮੁੱਖ ਮੰਤਰੀ ਬੈਨਰਜੀ ਦੀ ਰਿਹਾਇਸ਼ ਲਾਗਿਓਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਹਥਿਆਰ, ਚਾਕੂ ਅਤੇ ਕਈ ਪਾਬੰਦੀਸ਼ੁਦਾ ਚੀਜਾਂ ਤੋਂ ਇਲ਼ਾਵਾ ਵੱਖ-ਵੱਖ ਏਜੰਸੀਆਂ ਦੇ ਪਛਾਣ ਪੱਤਰ ਵੀ ਮਿਲੇ ਹਨ। ਕੋਲਕਾਤਾ ਦੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਸ਼ੇਖ ਨੂਰ ਆਲਮ ਵਜੋਂ ਹੋਈ ਹੈ। ਉਸਨੂੰ ਉਸ ਵੇਲੇ ਫੜਿਆ ਗਿਆ ਜਦੋਂ ਉਹ ਗਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਚੀਜਾਂ ਬਰਾਮਦ :ਗੋਇਲ ਨੇ ਦੱਸਿਆ ਕਿ ਸ਼ੇਖ ਨੂਰ ਆਲਮ ਪੁਲਿਸ ਦੇ ਸਟਿੱਕਰ ਵਾਲੀ ਕਾਰ ਵਿੱਚ ਆ ਰਿਹਾ ਸੀ। ਪੁਲਿਸ, ਐੱਸਟੀਐੱਫ ਅਤੇ ਸਪੈਸ਼ਲ ਬ੍ਰਾਂਚ ਸਥਾਨਕ ਥਾਣੇ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੋਇਲ ਨੇ ਦੱਸਿਆ ਕਿ ਉਸ ਕੋਲੋਂ ਇਕ ਬੰਦੂਕ, ਰੇਜ਼ਰ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਮੁੱਖ ਮੰਤਰੀ ਨਿਵਾਸ ਦੇ ਬਾਹਰ ਕੀ ਕਰ ਰਹੇ ਹਨ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਹਨ।
ਇਹ ਘਟਨਾ ਉਸੇ ਦਿਨ ਵਾਪਰੀ ਜਦੋਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸ਼ਹਿਰ ਵਿੱਚ ਆਪਣੀ ‘ਸ਼ਹੀਦ ਦਿਵਸ’ ਰੈਲੀ ਮਨਾ ਰਹੀ ਹੈ, ਜਿੱਥੇ ਬੈਨਰਜੀ ਦਾ ਭਾਸ਼ਣ ਸੁਣਨ ਲਈ ਜ਼ਿਲ੍ਹਿਆਂ ਅਤੇ ਦੂਰ-ਦੁਰਾਡੇ ਦੇ ਪਿੰਡਾਂ ਅਤੇ ਕਸਬਿਆਂ ਤੋਂ ਵੱਡੀ ਗਿਣਤੀ ਵਿੱਚ ਵਰਕਰ ਇਕੱਠੇ ਹੋਏ ਹਨ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ 21 ਜੁਲਾਈ ਦੀ ਸ਼ਹੀਦੀ ਦਿਵਸ ਰੈਲੀ ਸਾਡੇ ਲਈ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਅਸੀਂ ਇਹ ਦਿਨ ਆਪਣੇ ਸ਼ਹੀਦਾਂ ਅਤੇ ਪਾਰਟੀ ਵਰਕਰਾਂ ਨੂੰ ਸਮਰਪਿਤ ਕਰ ਰਹੇ ਹਾਂ।