ਧਰਮਸ਼ਾਲਾ: ਤਪੋਵਨ ਸਥਿਤ ਵਿਧਾਨ ਸਭਾ ਦੇ ਗੇਟ 'ਤੇ ਖਾਲਿਸਤਾਨ ਦੇ ਝੰਡੇ ਲਗਾਉਣ ਦੇ ਮਾਮਲੇ 'ਚ ਪੁਲਿਸ ਨੇ ਇੱਕ ਆਰੋਪੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਬੁੱਧਵਾਰ ਸਵੇਰੇ 8.30 ਵਜੇ ਇਸ ਆਰੋਪੀ ਨੂੰ ਫੜ ਲਿਆ ਗਿਆ ਹੈ। ਪੁਲਿਸ ਅਨੁਸਾਰ ਕਾਬੂ ਕੀਤੇ ਮੁਲਜ਼ਮ ਦਾ ਨਾਂ ਹਰਬੀਰ ਸਿੰਘ ਹੈ ਅਤੇ ਉਸ ਦੀ ਉਮਰ 30 ਸਾਲ ਹੈ। ਮੁਲਜ਼ਮ ਜ਼ਿਲ੍ਹਾ ਲੁਧਿਆਣਾ ਦੇ ਮੋਰਿੰਡਾ ਦੀ ਸ਼ੂਗਰ ਮਿਲ ਨੇੜੇ ਵਾਰਡ ਨੰਬਰ ਇੱਕ ਦਾ ਵਸਨੀਕ ਹੈ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਪੁਲਿਸ ਨੇ ਬੁੱਧਵਾਰ ਸਵੇਰੇ ਰੋਪੜ ਦੇ ਚਮਕਪੁਰ 'ਚ ਪਰਮਜੀਤ ਸਿੰਘ ਦੇ ਘਰ ਵੀ ਛਾਪੇਮਾਰੀ ਕੀਤੀ ਪਰ ਆਰੋਪੀ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਪਹਿਲੀ ਗ੍ਰਿਫ਼ਤਾਰੀ ਐਸਆਈਟੀ ਇੰਚਾਰਜ ਆਈਪੀਐਸ ਵਿਮੁਕਤ ਰੰਜਨ ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਪੁਲਿਸ ਇਸ ਤਰ੍ਹਾਂ ਪਹੁੰਚੀ ਮੁਲਜ਼ਮਾਂ ਤੱਕ: ਮੋਰਿੰਡਾ 'ਚ ਫੜਿਆ ਗਿਆ ਵਿਅਕਤੀ ਖਾਲਿਸਤਾਨ ਦਾ ਝੰਡਾ ਲਗਾਉਣ ਲਈ ਹਿਮਾਚਲ ਤੋਂ ਪੰਜਾਬ ਆਇਆ ਸੀ ਅਤੇ ਧਰਮਸ਼ਾਲਾ ਨੇੜੇ ਹੋਮ ਸਟੇਅ 'ਚ ਰਾਤ ਨੂੰ ਰਿਹਾ ਸੀ। ਇਸ ਤੋਂ ਬਾਅਦ ਉਹ ਸਕੂਟਰ 'ਤੇ ਹੋਮ ਸਟੇਅ ਤੋਂ ਵਿਧਾਨ ਸਭਾ ਭਵਨ ਤੱਕ ਗਿਆ ਅਤੇ ਰਾਤ ਨੂੰ ਝੰਡੇ ਅਤੇ ਕੰਧ 'ਤੇ ਲਿਖਣ ਤੋਂ ਬਾਅਦ ਉਸ ਨੇ ਵੀਡੀਓ ਵੀ ਬਣਾਈ। ਕਾਲ ਡਾਟਾ ਰਿਕਾਰਡ ਦੇ ਆਧਾਰ 'ਤੇ ਪੁਲਿਸ ਨੇ ਮੋਰਿੰਡਾ ਵਿਖੇ ਛਾਪਾ ਮਾਰ ਕੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ।