ਚੰਡੀਗੜ੍ਹ: ਇੰਸਪੈਕਟਰ ਜਨਰਲ ਆਫ਼ ਪੁਲਿਸ (IGP) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਸੋਮਵਾਰ ਨੂੰ ਇੱਥੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ 8.44 ਕਿਲੋ ਹੈਰੋਇਨ, 7.75 ਕਿਲੋ ਅਫੀਮ, 17.64 ਕਿਲੋ ਗਾਂਜਾ, 19 ਕੁਇੰਟਲ ਭੁੱਕੀ ਅਤੇ 59 ਕਿਲੋ ਨਸ਼ੇ ਦੀਆਂ ਗੋਲੀਆਂ/ਕੈਪਸੂਲ/ਇੰਜੈਕਸ਼ਨ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ 1.22 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
444 ਤੱਕ ਪਹੁੰਚੀ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ:ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਦੌਰਾਨ NDPS ਕੇਸਾਂ ਵਿੱਚ 15 ਹੋਰ ਭਗੌੜੇ ਗ੍ਰਿਫਤਾਰ ਕੀਤੇ ਜਾਣ ਨਾਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 444 ਤੱਕ ਪਹੁੰਚ ਗਈ ਹੈ ਕਿਉਂਕਿ 5 ਜੁਲਾਈ, 2022 ਨੂੰ ਪੀ.ਓ./ਭਗੌੜੇ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (DGP), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਜੁੜੀਆਂ ਪਿਛਲੇਰੀਆਂ ਅਤੇ ਅਗਲੇਰੀਆਂ ਕੜੀਆਂ ਦੀ ਬਾਰੀਕਬੀਨੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਥੋੜੀ ਮਾਤਰਾ ਵਿੱਚ ਹੀ ਨਸ਼ੇ ਦੀ ਬਰਾਮਦਗੀ ਹੋਈ ਹੋਵੇ।