ਨਵੀਂ ਦਿੱਲੀ: ਛਤਰਸਾਲ ਸਟੇਡੀਅਮ ਵਿੱਚ ਹੋਏ ਸਾਗਰ ਪਹਿਲਵਾਨ ਦੇ ਕਤਲ ਮਾਮਲੇ ਦੇ ਮੁਲਜ਼ਮ ਸੁਸ਼ੀਲ ਕੁਮਾਰ ਨੇ ਹੁਣ ਦਿੱਲੀ ਪੁਲਿਸ ਵੱਲੋਂ ਇਨਾਮ ਦੀ ਘੋਸ਼ਣਾ ਤੋਂ ਬਾਅਦ ਅਗਾਉ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਜਿਸ ਦੀ ਸੁਣਵਾਈ ਅੱਜ ਰੋਹਿਨੀ ਕੋਰਟ ਵਿੱਚ ਹੋਵੇਗੀ।
ਦਸ ਦੇਈਏ ਕਿ 2 ਹਫਤਿਆਂ ਤੋਂ ਕਤਲ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਪਹਿਲਵਾਨ 'ਤੇ ਦਿੱਲੀ ਪੁਲਿਸ ਨੇ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸੁਸ਼ੀਲ ਪਹਿਲਵਾਨ ਦੀ ਸੂਚਨਾ ਦੇਣ ਵਾਲੇ ਨੂੰ ਇਹ ਇਨਾਮ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਸ ਦੇ ਸਾਥੀ ਅਜੈ ਦੀ ਗ੍ਰਿਫਤਾਰੀ ਉੱਤੇ ਵੀ ਦਿੱਲੀ ਪੁਲਿਸ ਨੇ 50,000 ਰੁਪਏ ਦਾ ਇਨਾਮ ਰੱਖਿਆ ਹੈ।
ਜਾਣਕਾਰੀ ਮੁਤਾਬਕ 4 ਮਈ ਨੂੰ ਸਾਗਰ ਪਹਿਲਵਾਨ ਦਾ ਕਤਲ ਛਤਰਸਾਲ ਸਟੇਡੀਅਮ ਵਿਖੇ ਕੁੱਟ-ਕੁੱਟ ਕੇ ਕੀਤਾ ਗਿਆ ਸੀ। ਇਸ ਕੇਸ ਦਾ ਮੁੱਖ ਮੁਲਜ਼ਮ ਸੁਸ਼ੀਲ ਪਹਿਲਵਾਨ ਨੂੰ ਬਣਾਇਆ ਗਿਆ ਹੈ। ਘਟਨਾ ਤੋਂ ਬਾਅਦ ਤੋਂ ਉਹ ਫਰਾਰ ਚੱਲ ਰਿਹਾ ਹੈ ਅਤੇ ਪੁਲਿਸ ਉਸ ਦੀ ਭਾਲ ਲਈ ਨਿਰੰਤਰ ਛਾਪੇਮਾਰੀ ਕਰ ਰਹੀ ਹੈ। ਇਸ ਕੇਸ ਵਿੱਚ, ਉਸ ਦੇ ਖਿਲਾਫ ਲੁੱਕਆਉਟ ਸਰਕੂਲਰ ਜਾਰੀ ਕਰਨ ਤੋਂ ਇਲਾਵਾ, ਦਿੱਲੀ ਪੁਲਿਸ ਨੇ ਅਦਾਲਤ ਤੋਂ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ :ਹੁਣ ਤੱਕ ਭਗੌੜਾ ਚੱਲ ਰਿਹਾ ਪਹਿਲਵਾਨ ਸੁਸ਼ੀਲ ਕੁਮਾਰ 'ਆਤਮ ਸਮਰਪਣ' ਲਈ ਤਿਆਰ !
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸੁਸ਼ੀਲ ਪਹਿਲਵਾਨ ਦੀ ਭਾਲ ਵਿੱਚ ਦਿੱਲੀ, ਹਰਿਆਣਾ, ਯੂਪੀ ਅਤੇ ਉਤਰਾਖੰਡ ਵਿੱਚ ਲਗਾਤਾਰ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪਰ ਉਹ ਪੁਲਿਸ ਤੋਂ ਬਚ ਰਿਹਾ ਹੈ। ਸੂਤਰ ਇਹ ਵੀ ਕਹਿੰਦੇ ਹਨ ਕਿ ਸੁਸ਼ੀਲ ਪਹਿਲਵਾਨ ਇਸ ਮਾਮਲੇ ਵਿੱਚ ਜਲਦੀ ਆਤਮ ਸਮਰਪਣ ਕਰ ਸਕਦਾ ਹੈ। ਅਦਾਲਤ ਨੇ ਉਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ, ਜਿਸ ਕਾਰਨ ਉਸ ਲਈ ਜ਼ਮਾਨਤ ਹੋਣਾ ਲਗਭਗ ਅਸੰਭਵ ਹੈ। ਇਸ ਲਈ ਉਸ ਦੇ ਕੋਲ ਸਮਰਪਣ ਕਰਨ ਦਾ ਇੱਕੋ ਇੱਕ ਰਸਤਾ ਹੈ ਅਤੇ ਉਹ ਦਿੱਲੀ ਪੁਲਿਸ ਅੱਗੇ ਆਤਮ ਸਮਰਪਣ ਕਰ ਸਕਦਾ ਹੈ।