ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ((Delhi Sikh Gurdwara Management Committee)) ਕਮੇਟੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਕਮੇਟੀ ਦੇ ਸਟਰਾਂਗ ਰੂਮ 'ਚ ਰੱਖੀ ਨਗਦੀ ਅਤੇ ਰਿਕਾਰਡ 'ਚ ਲਿਖੀ ਨਗਦੀ 'ਚ ਕਾਫੀ ਅੰਤਰ ਸਾਹਮਣੇ ਆਇਆ ਹੈ। ਇੰਨ੍ਹਾਂ ਹੀ ਨਹੀਂ ਕਮੇਟੀ ’ਚੋਂ 38 ਲੱਖ ਦੇ ਪੁਰਾਣੇ ਨੋਟ (Old notes ) ਵੀ ਮਿਲੇ ਹਨ, ਜਿੰਨ੍ਹਾਂ ਨੂੰ ਰੱਖਣਾ ਕਾਨੂੰਨੀ ਅਪਰਾਧ ਹੈ। ਇਸ ਮਾਮਲੇ ਵਿੱਚ ਨਾਰਥ ਐਵੇਨਿਊ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਦਰਅਸਲ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਮੈਂਬਰ ਮਨਜੀਤ ਸਿੰਘ ਜੀ.ਕੇ. , ਹਰਵਿੰਦਰ ਸਿੰਘ ਸਰਨਾ ਅਤੇ ਹੋਰ ਮੈਂਬਰ ਕਮੇਟੀ ’ਚ ਅਸਲ ਨਗਦੀ ਦੀ ਜਾਂਚ ਲਈ ਪੁੱਜੇ ਸਨ। ਦੱਸ ਦਈਏ ਕਿ ਕਮੇਟੀ 'ਤੇ ਪਿਛਲੇ ਸਮੇਂ ਦੌਰਾਨ ਨਗਦੀ ਨੂੰ ਲੈਕੇ ਇਲਜ਼ਾਮ ਲੱਗਦੇ ਰਹੇ ਹਨ। ਜਦੋਂ ਜਾਂਚ ਕੀਤੀ ਗਈ ਤਾਂ ਕਿਹਾ ਗਿਆ ਕਿ ਰਿਕਾਰਡ ਵਿੱਚ ਇੱਕ ਕਰੋੜ 30 ਲੱਖ 25 ਹਜ਼ਾਰ 500 ਰੁਪਏ ਸਨ, ਜਦੋਂ ਕਿ ਅਸਲ ਵਿੱਚ 66 ਲੱਖ 42 ਹਜ਼ਾਰ 500 ਰੁਪਏ ਹੀ ਮਿਲੇ ਹਨ। ਇਸ ਵਿੱਚ ਵੀ 38 ਲੱਖ 52 ਹਜ਼ਾਰ 500 ਰੁਪਏ ਦੇ ਪੁਰਾਣੇ ਨੋਟ ਸਨ, ਜਿੰਨ੍ਹਾਂ ਦੀ ਹੁਣ ਕੋਈ ਕੀਮਤ ਨਹੀਂ ਹੈ।