ਚੇਨਈ:ਬੀਤੀ ਰਾਤ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਰੇਲ ਹਾਦਸਾ ਵਾਪਰ ਗਿਆ ਜਿਸ ਵਿਚ ਹੁਣ ਤੱਕ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਚੁਕੇ ਹਨ ਅਤੇ ਸੈਂਕੜੇ ਹੀ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ ਜਿੰਨਾ ਨੂੰ ਬਾਲਾਸੋਰ ਦੇ ਭਦਰਕ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਇਸ ਹਾਦਸੇ ਵਿਚ ਜ਼ਖਮੀਆਂ ਨੂੰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਤਾਂ ਸਥਾਨਕ ਲੋਕ ਵੀ ਵੱਧ ਚੜ੍ਹ ਕੇ ਸਿਹਤ ਸਹੂਲਤ ਦੇ ਲਈ ਅੱਗੇ ਆ ਰਹੇ ਹਨ। ਭਦਰਕ ਮੈਡੀਕਲ ਦੇ ਬਾਹਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਥੇ ਦੇਖਿਆ ਜਾ ਸਕਦਾ ਹੈ, ਕਿ ਜ਼ਖਮੀਆਂ ਨੂੰ ਖੂਨ ਦੇਣ ਦੇ ਲਈ ਸੈਂਕੜੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਬਾਲਾਸੋਰ ਅਤੇ ਭਦਰਕ ਮੈਡੀਕਲ 'ਚ ਜ਼ਖਮੀਆਂ ਲਈ ਖੂਨਦਾਨ ਕਰਨ ਲਈ ਲੋਕ ਪੂਰੀ ਰਾਤ ਲਾਈਨ 'ਚ ਲੱਗੇ ਰਹੇ। ਬਾਲਾਸੋਰ ਵਿੱਚ ਭਿਆਨਕ ਰੇਲ ਹਾਦਸੇ ਵਿੱਚ ਘੱਟੋ-ਘੱਟ 233 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਜੇ ਵੀ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
200-300 ਲੋਕਾਂ ਨੂੰ ਬਚਾਇਆ: ਉਥੇ ਹੀ ਮੌਕੇ 'ਤੇ ਮੌਜੂਦ ਇੱਕ ਸਥਾਨਕ ਵਾਸੀ ਨੇ ਕਿਹਾ,"ਜਦੋਂ ਇਹ ਹਾਦਸਾ ਹੋਇਆ ਤਾਂ ਮੈਂ ਨੇੜੇ ਹੀ ਸੀ, ਅਸੀਂ ਲਗਭਗ 200-300 ਲੋਕਾਂ ਨੂੰ ਬਚਾਇਆ।" ਕੁੱਲ ਲਗਭਗ 200 ਐਂਬੂਲੈਂਸਾਂ ਮੌਕੇ 'ਤੇ ਪਹੁੰਚੀਆਂ ਜਿਸ ਵਿਚ ਜ਼ਖਮੀਆਂ ਨੂੰ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 108 ਵਿੱਚੋਂ 167 ਫਲੀਟਾਂ ਅਤੇ 20 ਤੋਂ ਵੱਧ ਸਰਕਾਰੀ ਐਂਬੂਲੈਂਸਾਂ ਸਮੇਤ 45 ਮੋਬਾਈਲ ਹੈਲਥ ਟੀਮਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਜਿੰਨਾ ਨੇ ਮੁਢਲੀ ਸਹੂਲਤ ਦਿੱਤੀ।