ਭੁਵਨੇਸ਼ਵਰ:ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਵਾਪਰੇ ਦਰਦਨਾਕ ਤੀਹਰੀ ਰੇਲ ਹਾਦਸੇ ਵਿੱਚ 288 ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਸੋਮਵਾਰ ਨੂੰ ਭਾਰਤੀ ਰੇਲਵੇ ਦੇ ਤਿੰਨ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਰਿਪੋਰਟਾਂ ਦੇ ਅਨੁਸਾਰ, ਕੇਂਦਰੀ ਜਾਂਚ ਏਜੰਸੀ ਨੇ ਭਾਰਤੀ ਰੇਲਵੇ ਦੇ ਇੱਕ ਸਟੇਸ਼ਨ ਮਾਸਟਰ, ਇੱਕ ਟੈਕਨੀਸ਼ੀਅਨ ਅਤੇ ਇੱਕ ਹੋਰ ਕਰਮਚਾਰੀ ਨੂੰ ਹਿਰਾਸਤ ਵਿੱਚ ਲਿਆ ਹੈ।
ਸੀਬੀਆਈ ਕਰੇਗੀ ਜਾਂਚ :ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਤਿੰਨਾਂ ਨੂੰ ਕਥਿਤ ਤੌਰ 'ਤੇ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਸੰਭਾਲਣ ਤੋਂ ਬਾਅਦ ਸੀਬੀਆਈ ਅਧਿਕਾਰੀ ਇਹ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਇਹ ਦਰਦਨਾਕ ਹਾਦਸਾ ਕਿਸ ਕਾਰਨ ਵਾਪਰਿਆ। ਸੰਭਾਵੀ ਸਾਜ਼ਿਸ਼ ਅਤੇ ਤਕਨੀਕੀ ਨੁਕਸ ਵਰਗੇ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਮਿਲਣੇ ਅਜੇ ਬਾਕੀ ਹਨ।