ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਫ਼ੋਨ 'ਤੇ ਬਾਲਾਸੋਰ ਤੀਹਰੀ ਰੇਲ ਹਾਦਸੇ ਵਾਲੀ ਥਾਂ 'ਤੇ ਮੁੜ ਬਹਾਲੀ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਗੱਲ ਕੀਤੀ। ਰੇਲ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਹਾਦਸੇ ਵਾਲੀ ਥਾਂ 'ਤੇ ਮੌਜੂਦ ਹਨ ਅਤੇ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈ ਰਹੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਵੈਸ਼ਨਵ ਨੇ ਕਿਹਾ ਕਿ ਓਡੀਸ਼ਾ ਦੇ ਬਾਲਾਸੋਰ 'ਚ ਬਹਾਲੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਸ਼ਨੀਵਾਰ ਨੂੰ ਪੀਐਮ ਮੋਦੀ ਨੇ ਖੁਦ ਓਡੀਸ਼ਾ ਦੇ ਬਾਲਾਸੋਰ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਪੀਐਮ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ, 'ਉਨ੍ਹਾਂ ਨੇ ਓਡੀਸ਼ਾ ਵਿੱਚ ਤ੍ਰਾਸਦੀ ਵਾਲੀ ਥਾਂ 'ਤੇ ਸਥਿਤੀ ਦਾ ਜਾਇਜ਼ਾ ਲਿਆ। ਮੇਰੇ ਡੂੰਘੇ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਜੋ ਜ਼ਮੀਨ 'ਤੇ 24 ਘੰਟੇ ਕੰਮ ਕਰ ਰਹੇ ਹਨ ਅਤੇ ਰਾਹਤ ਕਾਰਜਾਂ ਵਿੱਚ ਮਦਦ ਕਰ ਰਹੇ ਹਨ।' ਪ੍ਰਧਾਨ ਮੰਤਰੀ ਦੇ ਨਾਲ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੀ ਸਨ।