ਨਬਰੰਗਪੁਰ: ਓਡੀਸ਼ਾ ਦੇ ਨਬਰੰਗਪੁਰ ਵਿੱਚ ਸੁਰੱਖਿਆ ਕਰਮੀਆਂ ਅਤੇ ਮਾਓਵਾਦੀਆਂ ਵਿਚਾਲੇ ਮੁੱਠਭੇੜ ਹੋਈ ਹੈ, ਜਦੋਂ ਕਿ ਗੁਆਂਢੀ ਰਾਜ ਵਿੱਚ ਨਕਸਲੀ ਹਮਲੇ ਤੋਂ ਬਾਅਦ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਛੱਤੀਸਗੜ੍ਹ ਦੇ ਦਾਂਤੇਵਾੜਾ ਖੇਤਰ ਵਿੱਚ ਮਾਓਵਾਦੀ ਹਮਲੇ ਵਿੱਚ 10 ਪੁਲਿਸ ਮੁਲਾਜ਼ਮਾਂ ਸਮੇਤ 11 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਓਡੀਸ਼ਾ ਦੇ ਨਬਰੰਗਪੁਰ, ਮਲਕਾਨਗਿਰੀ ਅਤੇ ਕੋਰਾਪੁਟ ਵਰਗੇ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਸੀ।
ਨਬਰੰਗਪੁਰ ਦੇ ਪੁਲਿਸ ਸੁਪਰਡੈਂਟ ਐਸ ਸੁਸ਼ਰੀ ਦੇ ਅਨੁਸਾਰ, ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੀਆਂ ਦੋ ਟੀਮਾਂ ਨੇ ਛੱਤੀਸਗੜ੍ਹ ਸਰਹੱਦ ਦੇ ਨੇੜੇ ਨਕਸਲੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ। ਜਦੋਂ ਨਕਸਲੀਆਂ ਨਾਲ ਮੁਕਾਬਲਾ ਸ਼ੁਰੂ ਹੋਇਆ ਤਾਂ ਮੌਕੇ 'ਤੇ ਕਰੀਬ 25 ਹਥਿਆਰਬੰਦ ਮਾਓਵਾਦੀ ਮੌਜੂਦ ਸਨ ਅਤੇ ਇਹ ਮੁਕਾਬਲਾ 30 ਮਿੰਟ ਤੋਂ ਵੱਧ ਚੱਲਦਾ ਰਿਹਾ, ਜਿਸ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਭੱਜ ਕੇ ਜੰਗਲ 'ਚ ਗਾਇਬ ਹੋ ਗਏ। ਮੁਕਾਬਲੇ ਤੋਂ ਬਾਅਦ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਮਾਓਵਾਦੀ ਕੈਂਪ ਤੋਂ ਵੱਡੀ ਮਾਤਰਾ ਵਿੱਚ ਮਾਓਵਾਦੀ ਵਸਤੂਆਂ ਸਮੇਤ ਗਰਭ ਨਿਰੋਧਕ ਵਸਤੂਆਂ ਦੇ ਨਾਲ-ਨਾਲ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਜ਼ਬਤ ਕੀਤੇ ਗਏ।
ਐਸਪੀ ਨੇ ਕਿਹਾ ਕਿ ਮਾਇਓਵਾਦੀਆਂ ਦੇ ਟਿਕਾਣੇ ਤੋਂ ਵੱਡੀ ਮਾਤਰਾ ਵਿੱਚ ਗਰਭ ਨਿਰੋਧਕ ਸਮੱਗਰੀ ਦੀ ਬਰਾਮਦਗੀ ਦਰਸਾਉਂਦੀ ਹੈ ਕਿ ਮਾਓਵਾਦੀ ਔਰਤਾਂ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ। ਮੁਕਾਬਲੇ ਬਾਰੇ ਵੇਰਵੇ ਸਾਂਝੇ ਕਰਦੇ ਹੋਏ, ਨਬਰੰਗਪੁਰ ਦੇ ਐਸਪੀ ਨੇ ਕਿਹਾ ਕਿ ਓਡੀਸ਼ਾ ਪੁਲਿਸ ਦੀਆਂ ਦੋ ਐਸਓਜੀ ਟੀਮਾਂ ਨੇ ਓਡੀਸ਼ਾ-ਛੱਤੀਸਗੜ੍ਹ ਸਰਹੱਦ 'ਤੇ ਮਾਓਵਾਦੀ ਵਿਰੋਧੀ ਮੁਹਿੰਮ ਚਲਾਈ। ਕਰੀਬ ਅੱਧੇ ਘੰਟੇ ਤੱਕ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ਅਤੇ 20-25 ਹਥਿਆਰਬੰਦ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।