ਭੁਵਨੇਸ਼ਵਰ: ਓਡੀਸ਼ਾ ਦੇ ਬਾਲਾਸੋਰ 'ਚ ਹੋਏ ਭਿਆਨਕ ਰੇਲ ਹਾਦਸੇ 'ਚ ਮਾਰੇ ਗਏ 13 ਹੋਰ ਯਾਤਰੀਆਂ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਨ੍ਹਾਂ ਲਾਸ਼ਾਂ ਨੂੰ ਏਮਜ਼ ਭੁਵਨੇਸ਼ਵਰ ਵਿੱਚ ਰੱਖਿਆ ਗਿਆ ਸੀ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਡੀਐਨਏ ਟੈਸਟ ਦੀ ਮਦਦ ਨਾਲ ਜਿਨ੍ਹਾਂ 29 ਲਾਸ਼ਾਂ ਦੀ ਪਛਾਣ ਕੀਤੀ ਗਈ ਸੀ, ਉਨ੍ਹਾਂ ਵਿੱਚੋਂ 6 ਲਾਸ਼ਾਂ ਸ਼ੁੱਕਰਵਾਰ ਅਤੇ 13 ਨੂੰ ਸ਼ਨੀਵਾਰ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ।
ਅਧਿਕਾਰੀ ਮੁਤਾਬਕ, ''ਡੀਐਨਏ ਟੈਸਟ ਦੇ ਨਤੀਜਿਆਂ ਦੇ ਆਧਾਰ 'ਤੇ ਅਤੇ ਏਮਜ਼ ਭੁਵਨੇਸ਼ਵਰ, ਭੁਵਨੇਸ਼ਵਰ ਮਿਊਂਸੀਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਅਤੇ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਦੇ ਤਾਲਮੇਲ ਨਾਲ, ਬਾਲਾਸੋਰ ਰੇਲ ਹਾਦਸੇ 'ਚ ਮਾਰੇ ਗਏ 13 ਹੋਰ ਯਾਤਰੀਆਂ ਦੀਆਂ ਲਾਸ਼ਾਂ ਦੀ ਪਛਾਣ ਕਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ।'' ਅਧਿਕਾਰੀ ਮੁਤਾਬਕ ਇਨ੍ਹਾਂ 13 ਲਾਸ਼ਾਂ ਵਿੱਚੋਂ ਚਾਰ ਲਾਸ਼ਾਂ ਬਿਹਾਰ, ਅੱਠ ਲਾਸ਼ਾਂ ਪੱਛਮੀ ਬੰਗਾਲ ਅਤੇ ਇੱਕ ਲਾਸ਼ ਝਾਰਖੰਡ ਭੇਜੀਆਂ ਗਈਆਂ ਹਨ।