ਨਵੀਂ ਦਿੱਲੀ:ਪੈਗੰਬਰ 'ਤੇ ਟਿੱਪਣੀ ਦੇ ਮਾਮਲੇ 'ਚ ਭਾਜਪਾ ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਸਖ਼ਤ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਦਰਅਸਲ, ਭਾਜਪਾ ਤੋਂ ਮੁਅੱਤਲ ਕੀਤੀ ਗਈ ਨੂਪੁਰ ਸ਼ਰਮਾ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਉਸ ਨੇ ਮੰਗ ਕੀਤੀ ਹੈ ਕਿ ਉਸ ਖ਼ਿਲਾਫ਼ ਵੱਖ-ਵੱਖ ਰਾਜਾਂ ਵਿੱਚ ਦਰਜ ਸਾਰੇ ਕੇਸ ਦਿੱਲੀ ਤਬਦੀਲ ਕੀਤੇ ਜਾਣ।
ਇਸ 'ਤੇ ਅਦਾਲਤ ਨੇ ਕਿਹਾ ਕਿ ਉਹ ਟੀਵੀ 'ਤੇ ਦੇਸ਼ ਤੋਂ ਮੁਆਫੀ ਮੰਗੇ ਅਤੇ ਆਪਣਾ ਬਿਆਨ ਵਾਪਸ ਲਵੇ। ਨੂਪੁਰ ਸ਼ਰਮਾ ਖਿਲਾਫ ਦਿੱਲੀ, ਕੋਲਕਾਤਾ ਸਮੇਤ ਕਈ ਰਾਜਾਂ 'ਚ ਮਾਮਲੇ ਦਰਜ ਹਨ। ਪਟੀਸ਼ਨ 'ਚ ਨੂਪੁਰ ਨੇ ਕਿਹਾ ਸੀ ਕਿ ਉਸ ਨੂੰ ਵੱਖ-ਵੱਖ ਰਾਜਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਨੂਪੁਰ ਸ਼ਰਮਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਬਿਆਨ ਲਈ ਮੁਆਫੀ ਮੰਗੀ ਹੈ ਅਤੇ ਇਸ ਨੂੰ ਵਾਪਸ ਲੈ ਲਿਆ ਹੈ। ਇਸ 'ਤੇ ਕੋਰਟ ਨੇ ਕਿਹਾ- "ਉਨ੍ਹਾਂ ਨੂੰ ਟੀਵੀ 'ਤੇ ਜਾ ਕੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਸ ਦਾ ਬਿਆਨ ਉਦੈਪੁਰ ਵਿੱਚ ਵਾਪਰੀ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਹੈ, ਜਿੱਥੇ ਇੱਕ ਦਰਜ਼ੀ ਦੀ ਹੱਤਿਆ ਕਰ ਦਿੱਤੀ ਗਈ ਸੀ।"
ਦੱਸ ਦੇਈਏ ਕਿ ਨੂਪੁਰ ਸ਼ਰਮਾ ਭਾਜਪਾ ਦੀ ਬੁਲਾਰਾ ਰਹਿ ਚੁੱਕੀ ਹੈ। ਉਸ ਨੇ ਹਾਲ ਹੀ ਵਿੱਚ ਇੱਕ ਟੀਵੀ ਬਹਿਸ ਵਿੱਚ ਪੈਗੰਬਰ ਮੁਹੰਮਦ ਖਿਲਾਫ ਟਿੱਪਣੀ ਕੀਤੀ ਸੀ। ਇਸ ਦਾ ਕਾਫੀ ਵਿਰੋਧ ਹੋਇਆ। ਇੱਥੋਂ ਤੱਕ ਕਿ ਕੁਵੈਤ, ਯੂਏਈ, ਕਤਰ ਸਮੇਤ ਸਾਰੇ ਮੁਸਲਿਮ ਦੇਸ਼ਾਂ ਨੇ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕੀਤੀ। ਇਸ ਤੋਂ ਬਾਅਦ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ।
ਇਹ ਵੀ ਪੜ੍ਹੋ:ਸੰਜੇ ਰਾਉਤ ਅੱਜ ED ਸਾਹਮਣੇ ਹੋਣਗੇ ਪੇਸ਼, ਦਿੱਤਾ ਵੱਡਾ ਬਿਆਨ