ਨੂਹ: ਹਰਿਆਣਾ ਦੇ ਨੂਹ ਹਿੰਸਾ ਮਾਮਲੇ 'ਚ ਫ਼ਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਇੰਜੀਨੀਅਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਦੇਰ ਰਾਤ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਸੀ। ਮਾਮਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਰਾਤ ਸਮੇਂ ਹੀ ਨਗੀਨਾ ਥਾਣੇ ਸਮੇਤ ਜ਼ਿਲ੍ਹੇ ਦੀਆਂ ਮੁੱਖ ਜਨਤਕ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਫਿਲਹਾਲ ਪੁਲਿਸ ਪੁਸ਼ਟੀ ਕਰਨ ਤੋਂ ਟਾਲਾ ਵੱਟ ਰਹੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਸਮੇਤ ਕਈ ਭਾਜਪਾ ਨੇਤਾਵਾਂ ਨੇ ਮਾਮਨ ਖਾਨ 'ਤੇ ਹਿੰਸਾ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ।
ਮਮਨ ਖਾਨ ਨੇ ਅਦਾਲਤ 'ਚ ਦਾਇਰ ਕੀਤੀ ਅਰਜ਼ੀ:31 ਜੁਲਾਈ ਨੂੰ ਹਰਿਆਣਾ ਦੇ ਨੂਹ 'ਚ ਬ੍ਰਜਮੰਡਲ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਹੋਈ ਸੀ। ਨੂਹ ਹਿੰਸਾ ਦੀ ਜਾਂਚ ਹਰਿਆਣਾ ਐਸਆਈਟੀ ਕਰ ਰਹੀ ਹੈ। SIT ਨੂਹ ਹਿੰਸਾ ਨੂੰ ਲੈ ਕੇ ਕਾਂਗਰਸੀ ਵਿਧਾਇਕ ਮਾਮਨ ਖਾਨ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਦੇ ਲਈ ਮਾਮਨ ਖਾਨ ਨੂੰ ਦੋ ਵਾਰ ਨੋਟਿਸ ਦਿੱਤਾ ਜਾ ਚੁੱਕਾ ਹੈ। ਕਾਂਗਰਸੀ ਵਿਧਾਇਕ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਦੋਵੇਂ ਵਾਰ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਮਮਨ ਖਾਨ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ SIT ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਹਰਿਆਣਾ ਪੁਲਿਸ ਨੂੰ ਨਿਰਦੇਸ਼ ਦੇਵੇ ਕਿ ਜਦੋਂ ਤੱਕ ਜਾਂਚ ਲੰਬਿਤ ਹੈ, ਉਸ ਦੇ ਖਿਲਾਫ ਕੋਈ ਵੀ ਦੰਡਕਾਰੀ ਕਾਰਵਾਈ ਨਾ ਕੀਤੀ ਜਾਵੇ। 14 ਸਤੰਬਰ ਨੂੰ ਅਦਾਲਤ ਨੇ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਅਤੇ ਉਸ ਨੂੰ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰਨ ਦੇ ਨਾਲ ਹੇਠਲੀ ਅਦਾਲਤ ਵਿੱਚ ਜਾਣ ਲਈ ਕਿਹਾ ਸੀ।