ਨਵੀਂ ਦਿੱਲੀ: ਭਾਰਤੀ ਰੇਲਵੇ ਵਲੋਂ ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ ਦਿੱਤੀ ਗਈ ਹੈ। ਦਰਅਸਲ ਹੁਣ ਯਾਤਰੀ ਆਪਣੀ ਕੰਫਰਮ ਟਿਕਟ 'ਤੇ ਕਿਸੇ ਹੋਰ ਯਾਤਰੀ ਨੂੰ ਆਪਣੀ ਟਿਕਟ ਟ੍ਰਾਂਸਫਰ ਕਰ ਸਕਦੇ ਹਨ। ਇਸ ਦੇ ਲਈ ਰੇਲਵੇ ਨੇ ਕੁਝ ਨਿਯਮ ਬਦਲੇ ਹਨ। ਇਸ ਤੋਂ ਪਹਿਲਾਂ ਦੇ ਨਿਯਮਾਂ ਮੁਤਾਬਿਕ ਜੇ ਕੋਈ ਹੋਰ ਵਿਅਕਤੀ ਤੁਹਾਡੀ ਕੰਫਰਮ ਟਿਕਟ 'ਤੇ ਰੇਲ ਰਾਹੀਂ ਯਾਤਰਾ ਕਰਦਾ ਫੜਿਆ ਜਾਂਦਾ ਸੀ ਤਾਂ ਇਸ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਸੀ। ਦੂਜੇ ਸ਼ਬਦਾਂ ਵਿਚ ਜੇ ਟਿਕਟ ਬੁੱਕ ਕਰਨ ਤੋਂ ਬਾਅਦ ਵਿਅਕਤੀ ਕਿਸੇ ਕਾਰਨ ਯਾਤਰਾ ਕਰਨ ਦੇ ਯੋਗ ਨਹੀਂ ਹੁੰਦਾ ਤਾਂ ਟਿਕਟ ਕੈਂਸਲ ਕਰਵਾਉਣੀ ਪੈਂਦੀ ਸੀ।
ਟਿਕਟ ਰੱਦ ਹੋਣ ਕਾਰਨ ਕਈ ਵਾਰ ਰੇਲ ਯਾਤਰੀਆਂ ਨੂੰ ਵਿੱਤੀ ਨੁਕਸਾਨ ਝਲਣਾ ਪੈਂਦਾ ਸੀ। ਹੁਣ ਰੇਲਵੇ ਨੇ ਇਸ ਨਿਯਮ ਨੂੰ ਬਦਲ ਦਿੱਤਾ ਹੈ। ਭਾਰਤੀ ਰੇਲਵੇ ਨੇ ਰਾਖਵੀਆਂ ਟਿਕਟਾਂ 'ਤੇ ਯਾਤਰੀਆਂ ਨੂੰ ਇੱਕ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਹੈ। ਇਸ ਦੇ ਤਹਿਤ ਉਹ ਲੋਕ ਜੋ ਪੱਕੀ ਟਿਕਟ 'ਤੇ ਯਾਤਰਾ ਨਹੀਂ ਕਰਨਾ ਚਾਹੁੰਦੇ, ਉਹ ਆਪਣੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਨਾਂ 'ਤੇ ਟਿਕਟ ਟ੍ਰਾਂਸਫਰ ਕਰ ਸਕਦੇ ਹਨ। ਟਿਕਟ ਟ੍ਰਾਂਸਫਰ ਕਰਨ ਲਈ, ਤੁਹਾਨੂੰ ਸਟੇਸ਼ਨ ਮਾਸਟਰ ਨੂੰ ਅਰਜ਼ੀ ਦੇਣੀ ਪਵੇਗੀ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਟਰਾਂਸਫਰ ਕਰ ਸਕਦੇ ਹੋ।