ਨਵੀਂ ਦਿੱਲੀ: ਜੀ-20 ਸੰਮੇਲਨ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਡੀਡੀਏ ਨੇ ਮੈਰੀਡੀਅਨ ਹੋਟਲ ਦੇ ਨੇੜੇ ਸਥਿਤ 124 ਝੁੱਗੀ-ਝੌਂਪੜੀ ਹਟਾਉਣ ਸਬੰਧੀ ਨੋਟਿਸ ਜਾਰੀ ਕੀਤੇ ਹਨ। ਬਸਤੀ ਦੇ ਲੋਕਾਂ ਨੂੰ 16 ਮਈ ਤਕ ਉਥੋਂ ਕਬਜ਼ਾ ਹਟਾਉਣ ਦਾ ਨੋਟਿਸ ਮਿਲਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ 22 ਮਈ ਤੋਂ 25 ਮਈ ਤੱਕ ਇੱਥੇ ਢਾਹੁਣ ਦਾ ਕੰਮ ਕੀਤਾ ਜਾਵੇਗਾ। ਇਸ ਲਈ ਲੋਕਾਂ ਨੂੰ ਖੁਦ ਇਸ ਤੋਂ ਪਹਿਲਾਂ ਝੁੱਗੀ ਖਾਲੀ ਕਰ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮਜ਼ਦੂਰ ਆਵਾਸ ਸੰਘਰਸ਼ ਸੰਮਤੀ ਦੇ ਕਨਵੀਨਰ ਨਿਰਮਲ ਗੋਰਾਣਾ ਨੇ ਦੋਸ਼ ਲਾਇਆ ਹੈ ਕਿ ਡੀਡੀਏ ਨੇ ਮੁੜ ਵਸੇਬੇ ਦਾ ਕੋਈ ਪ੍ਰਬੰਧ ਕੀਤੇ ਬਿਨਾਂ ਝੁੱਗੀ-ਝੌਂਪੜੀ ਵਾਲਿਆਂ ਨੂੰ ਘਰ ਖਾਲੀ ਕਰਨ ਲਈ ਕਿਹਾ ਹੈ, ਜੋ ਕਿ ਗੈਰ-ਸੰਵਿਧਾਨਕ ਹੈ।
ਝੁੱਗੀਆਂ ਖਾਲੀ ਕਰਨ ਤੋਂ ਪਹਿਲਾਂ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਬੰਧ ਕੀਤੇ ਜਾਣ :ਨਿਰਮਲ ਗੋਰਾਣਾ ਨੇ ਕਿਹਾ ਕਿ ਝੁੱਗੀ ਖਾਲੀ ਕਰਨ ਤੋਂ ਪਹਿਲਾਂ ਲੋਕਾਂ ਦੇ ਮੁੜ ਵਸੇਬੇ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਇਸ ਬਸਤੀ ਵਿੱਚ ਕਰੀਬ 124 ਪਰਿਵਾਰ ਹਨ, ਜੋ 1995 ਤੋਂ ਇੱਥੇ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਵਿੱਚ ਕੁੱਲ 500 ਤੋਂ ਵੱਧ ਲੋਕ ਹਨ, ਜਿਨ੍ਹਾਂ ਵਿੱਚ 200 ਬੱਚੇ ਅਤੇ 100 ਔਰਤਾਂ ਸ਼ਾਮਲ ਹਨ। ਨਿਰਮਲ ਗੋਰਾਣਾ ਨੇ ਦੱਸਿਆ ਕਿ ਮਜ਼ਦੂਰ ਆਵਾਸ ਸੰਘਰਸ਼ ਸਮਿਤੀ ਦੇ ਅਹੁਦੇਦਾਰਾਂ ਨੇ ਝੁੱਗੀ ਦਾ ਦੌਰਾ ਕੀਤਾ ਅਤੇ ਉੱਥੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।