ਨਵੀਂ ਦਿੱਲੀ: ਉੱਤਰੀ ਰੇਲਵੇ ਨੇ ਵੀਰਵਾਰ ਨੂੰ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ। ਰੇਲਵੇ ਨੇ ਇਸ ਫੈਸਲੇ ਦਾ ਕਾਰਨ ਘੱਟ ਯਾਤਰੀਆਂ ਅਤੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਦੱਸਿਆ। ਇਸ ਦੌਰਾਨ ਰੇਲਵੇ ਨੇ ਕਿਹਾ ਕਿ ਉਸਨੇ ਹੁਣ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 2,111 ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ 161 ਟੈਂਕਰਾਂ ਨੂੰ ਪਹੁੰਚਾਇਆ ਹੈ।
ਰੇਲਵੇ ਨੇ ਕਿਹਾ ਕਿ ਹੁਣ ਤੱਕ 40 ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ 400 ਟਨ ਤੋਂ ਵੱਧ ਐਲ.ਐੱਮ.ਓਜ਼ ਵਾਲੇ 22 ਟੈਂਕਰ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਰਸਤੇ 'ਤੇ ਹਨ। ਉੱਤਰ ਰੇਲਵੇ ਨੇ 8 ਸ਼ਤਾਬਦੀ ਐਕਸਪ੍ਰੈਸ, 2 ਰਾਜਧਾਨੀ ਐਕਸਪ੍ਰੈਸ, 2 ਦੁਰੰਤੋ ਐਕਸਪ੍ਰੈਸ ਅਤੇ 1 ਵੰਦੇ ਭਾਰਤ ਐਕਸਪ੍ਰੈਸ ਸਮੇਤ 28 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਉੱਤਰੀ ਰੇਲਵੇ ਨੇ ਇਨ੍ਹਾਂ ਟ੍ਰੇਨਾਂ ਨੂੰ 'ਅਗਲੇ ਨੋਟਿਸ ਤਕ' ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਸ਼ਰਮਸਾਰ! ਐਂਬੂਲੈਂਸ ਡਰਾਈਵਰ ਨੇ ਗੁਰੂਗ੍ਰਾਮ ਤੋਂ ਲੁਧਿਆਣਾ ਜਾਣ ਲਈ ਵਸੂਲੇ 1 ਲੱਖ 20 ਹਜ਼ਾਰ
ਇਨ੍ਹਾਂ ਵਿੱਚ ਦਿੱਲੀ ਤੋਂ ਕਾਲਕਾ, ਹਬੀਬਗੰਜ, ਅੰਮ੍ਰਿਤਸਰ, ਚੰਡੀਗੜ੍ਹ ਦੇ ਲਈ ਜਾਣ ਵਾਲੀਆਂ ਸ਼ਤਾਬਦੀ ਟ੍ਰੇਨਾਂ, ਦਿੱਲੀ ਤੋਂ ਚੇਨਈ, ਬਿਲਾਸਪੁਰ ਜਾਣ ਵਾਲੀ ਰਾਜਧਾਨੀ ਐਕਸਪ੍ਰੈਸ, ਜੰਮੂ ਤਵੀ ਅਤੇ ਪੁਣੇ ਲਈ ਚੱਲਦੀਆਂ ਦੁਰੰਤੋ ਰੇਲਗੱਡੀਆਂ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮਸ਼ਹੂਰ ਟ੍ਰੇਨਾਂ 'ਤੇ ਯਾਤਰੀਆਂ ਦੀ ਘੱਟ ਗਿਣਤੀ ਇਹ ਸੰਕੇਤ ਦਿੰਦੀ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਘੱਟ ਲੋਕ ਯਾਤਰਾ ਕਰ ਰਹੇ ਹਨ। ਉੱਤਰੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਉੱਤਰੀ ਰੇਲਵੇ ਨੇ ਯਾਤਰੀਆਂ ਦੀ ਘੱਟ ਗਿਣਤੀ ਅਤੇ ਕੋਵਿਡ-19 ਮਾਮਲਿਆਂ ਵਿੱਚ ਵਾਧੇ ਕਾਰਨ ਇਹ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਮੱਧ ਰੇਲਵੇ ਨੇ 23 ਯਾਤਰੀ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚ 29 ਜੂਨ ਤੱਕ ਨਾਗਪੁਰ-ਕੋਲਹਾਪੁਰ ਸਪੈਸ਼ਲ, 1 ਜੁਲਾਈ ਤੱਕ ਸੀਐਸਐਮਟੀ-ਕੋਲਹਾਪੁਰ ਸਪੈਸ਼ਲ, 30 ਜੂਨ ਤੱਕ ਸੀਐਸਐਮਟੀ-ਪੁਣੇ ਸਪੈਸ਼ਲ ਸ਼ਾਮਲ ਹਨ।